
ਅਮਰੀਕੀ ਸੰਸਦ ਨੇ ਭਾਰਤ ਵਿਰੁਧ ਚੀਨੀ ਹਮਲੇ ਦਾ ਵਿਰੋਧ ਕਰਨ ਵਾਲਾ ਰਖਿਆ ਨੀਤੀ ਬਿੱਲ ਕੀਤਾ ਪਾਸ
ਵਾਸ਼ਿੰਗਟਨ, 16 ਦਸੰਬਰ : ਅਮਰੀਕੀ ਸੰਸਦ ਨੇ 740 ਅਰਬ ਡਾਲਰ ਦਾ ਰਖਿਆ ਨੀਤੀ ਬਿੱਲ ਅਧਿਕਾਰਿਕ ਤੌਰ ’ਤੇ ਪਾਸ ਕੀਤਾ ਹੈ, ਜਿਸ ਵਿਚ ਹੋਰ ਚੀਜ਼ਾਂ ਨਾਲ ਹੀ ਅਸਲ ਕੰਟਰੋਲ ਲਾਈਨ (ਐਲ.ਏ.ਸੀ.) ’ਤੇ ਭਾਰਤ ਵਿਰੁਧ ਚੀਨ ਦੇ ਹਮਲੇ ਦਾ ਵਿਰੋਧ ਕੀਤਾ ਗਿਆ ਹੈ।
ਅਮਰੀਕੀ ਪ੍ਰਤੀਨਿਧੀ ਸਭਾ ਅਤੇ ਸੈਨੇਟ ਨੇ ਮੰਗਲਵਾਰ ਨੂੰ ਰਾਸ਼ਟਰੀ ਰਖਿਆ ਪ੍ਰਮਾਣਿਕਤਾ ਕਾਨੂੰਨ (ਐਨ.ਡੀ.ਏ.ਏ.) ਪਾਸ ਕੀਤਾ। ਇਸ ’ਚ ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਮੂਰਤੀ ਦੇ ਪ੍ਰਸਤਾਵ ਦੀ ਭਾਸ਼ਾ ਦੇ ਜ਼ਰੂਰੀ ਹਿੱਸਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਚੀਨ ਸਰਕਾਰ ਤੋਂ ਐਲ.ਏ.ਸੀ ਦੇ ਕੋਲ ਭਾਰਤ ਦੇ ਖ਼ਿਲਾਫ਼ ਫ਼ੌਜੀ ਹਮਲੇ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਇਸ ਸਾਲ ਮਈ ਤੋਂ ਪੂਰਬੀ ਲੱਦਾਖ਼ ’ਚ ਅਸਲ ਕੰਟਰੋਲ ਲਾਈਨ ਕੋਲ ਫ਼ੌਜੀ ਰੇੜਕਾ ਬਣਿਆ ਹੋਇਆ ਹੈ। ਦੋਨਾਂ ਦੇਸ਼ਾਂ ਵਿਚਾਲੇ ਕਈ ਦੌਰ ਦੀ ਵਾਰਤਾ ਦੇ ਬਾਅਦ ਵੀ ਰੇੜਕਾ ਸੁਲਝਾਉਣ ਦੀ ਦਿਸ਼ਾ ’ਚ ਕੋਈ ਖ਼ਾਸ ਤਰੱਕੀ ਨਹੀਂ ਹੋਈ ਹੈ। ਦੋਪੱਖੀ ਕਾਂਗਰਸ਼ਨਲ ਸੰਮੇਲਨ ਕਮੇਟੀ ਨੇ ਬਿੱਲ ਦੇ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਖੰਡਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਮਿਲਾ ਕੇ ਅੰਤਮ ਬਿੱਲ ਤਿਆਰ ਕੀਤਾ ਸੀ। ਚੀਨੀ ਹਮਲੇ ਦੇ ਵਿਰੋਧ ਸਬੰਧੀ ਪ੍ਰਬੰਧਾਂ ਨੂੰ ਸ਼ਾਮਲ ਕੀਤਾ ਜਾਣਾ ਹਿੰਦ-ਪ੍ਰਸ਼ਾਂਤ ਖੇਤਰ ਅਤੇ ਹੋਰ ਖੇਤਰਾਂ ’ਚ ਭਾਰਤ ਜਿਹੇ ਸਹਿਯੋਗੀਆਂ ਲਈ ਅਮਰੀਕਾ ਦੇ ਮਜ਼ਬੂਤ ਸਮਰਥਨ ਨੂੰ ਦਰਸ਼ਾਉਂਦਾ ਹੈ। ਕ੍ਰਿਸ਼ਨਮੂਰਤੀ ਦੇ ਪ੍ਰਸਤਾਵ ਨੂੰ ਦੋਨਾਂ ਸਦਨਾਂ ’ਚ ਬੇਮਿਸਾਲ ਦੋਪੱਖੀ ਸਮਰਥਨ ਨਾਲ ਪਾਸ ਕੀਤਾ ਗਿਆ। ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਇਸ ’ਤੇ ਹਸਤਾਖ਼ਰ ਕਰ ਦਿੰਦੇ ਹਨ, ਤਾਂ ਇਹ ਕਾਨੂੰਨ ਬਣ ਜਾਵੇਗਾ। ਟਰੰਪ ਨੇ ਇਸ ਬਿੱਲ ਦੇ ਵਿਰੋਧ ਵੀਟੋ ਦੇ ਇਸਤੇਮਾਲ ਦੀ ਧਮਕੀ ਦਿਤੀ ਹੈ, ਕਿਉਂਕਿ ਇਸ ’ਚ ਸੋਸ਼ਲ ਮੀਡੀਆ ਕੰਪਨੀਆਂ ਲਈ ਕਾਨੂੰਨੀ ਸੁਰੱਖਿਆ ਨੂੰ ਰੱਦ ਕਰਨ ਦੀ ਗੱਲ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਐਨਡੀਏ ’ਚ ਮੇਰੇ ਪ੍ਰਸਤਾਵ ਦੀ ਭਾਸ਼ਾ ਸ਼ਾਮਲ ਕਰ ਕੇ ਅਤੇ ਇਸ ਬਿੱਲ ’ਤੇ ਹਸਤਾਖ਼ਰ ਦੇ ਬਾਅਦ ਕਾਨੂੰਨ ’ਚ ਤਬਦੀਲ ਕਰ ਕੇ ਅਮਰੀਕਾ ਸਰਕਾਰ ਇਹ ਸਪਸ਼ਟ ਸੰਦੇਸ਼ ਦੇਵੇਗੀ ਕਿ ਭਾਰਤ ਵਿਰੁਧ ਚੀਨੀ ਹਮਲੇ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।’’
(ਪੀਟੀਆਈ)