
ਬਰਗਾੜੀ ਮੋਰਚੇ ਦੇ 166ਵੇਂ ਜਥੇ ’ਚ ਸ਼ਾਮਲ 9 ਸਿੰਘਾਂ ਅਤੇ 5 ਬੀਬੀਆਂ ਨੇ ਦਿਤੀ ਗਿ੍ਰਫ਼ਤਾਰੀ
ਕੋਟਕਪੂਰਾ, 16 ਦਸੰਬਰ (ਗੁਰਿੰਦਰ ਸਿੰਘ) : ਜਦੋਂ ਤਕ ਬਾਦਲਾਂ ਸਮੇਤ ਸੌਦਾ ਸਾਧ ਅਤੇ ਸੁਮੇਧ ਸੈਣੀ ਵਿਰੁਧ ਬੇਅਦਬੀ ਮਾਮਲਿਆਂ ਦੇ ਸਬੰਧ ’ਚ ਕਾਰਵਾਈ ਨਹੀਂ ਹੁੰਦੀ, ਉਦੋਂ ਤਕ ਇਨਸਾਫ਼ ਲਈ ਮੋਰਚੇ ਲਗਦੇ ਰਹਿਣਗੇ।
ਬੇਅਦਬੀ ਮਾਮਲਿਆਂ ਦਾ ਇਨਸਾਫ਼ ਲੈਣ ਲਈ ਬਹਿਬਲ ਕਲਾਂ ਵਿਖੇ ਪੀੜਤ ਪ੍ਰਵਾਰਾਂ ਵਲੋਂ ਸ਼ੁਰੂ ਹੋਏ ਮੋਰਚੇ ਦੇ ਸਬੰਧ ’ਚ ਪ੍ਰਤੀਕਰਮ ਦੇਣ ਮੌਕੇ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਜਿਨ੍ਹਾਂ ਹੁਣ ਤਕ ਦੇ ਰਵਾਇਤੀ ਅਕਾਲੀਆਂ ਨੇ ਕੌਮੀ ਸੋਚ, ਸਿਧਾਂਤ ਦੀ ਰਖਿਆ ਹੀ ਨਹੀਂ ਕੀਤੀ, ਉਨ੍ਹਾਂ ਨੂੰ ਕੀ ਹੱਕ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੀ ਦੁਰਵਰਤੋਂ ਕਰਨ ਜਾਂ ਅਕਾਲੀ ਦਲ ਦੇ ਜਨਮ ਦਿਹਾੜੇ ਮਨਾਉਣ? ਉਨ੍ਹਾਂ ਕਿਹਾ ਕਿ ਬਾਦਲ ਦਲ ਤੋਂ ਵੱਖ ਹੋਏ ਆਗੂ ਵੀ ਕੌਮੀ ਸੋਚ ਅਤੇ ਨਿਸ਼ਾਨੇ ’ਤੇ ਅਜੇ ਵੀ ਭੰਬਲਭੂਸੇ ’ਚ ਹਨ, ਜੋ ਕਿ ਦੁਖਦਾਇਕ ਹੀ ਨਹੀਂ ਬਲਕਿ ਅਤਿ ਅਫ਼ਸੋਸਨਾਕ ਹੈ। ਸ. ਮਾਨ ਸਮੇਤ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਮਕਸਦ ਜਿਸ ਨੂੰ ਲੈ ਕੇ ਇਸ ਦਾ ਜਨਮ ਹੋਇਆ ਸੀ, ਉਸ ਨੂੰ ਇਹ ਰਵਾਇਤੀ ਲੀਡਰਸ਼ਿਪ ਬਹੁਤ ਪਹਿਲੇ ਤੋਂ ਹੀ ਵਿਸਾਰ ਚੁੱਕੀ ਹੈ ਅਤੇ ਲੰਮੇਂ ਸਮੇਂ ਤੋਂ ਇਸ ਮਹਾਨ ਜਥੇਬੰਦੀ ਦੇ ਨਾਮ ਦੀ ਅਖੌਤੀ ਅਕਾਲੀ ਦੁਰਵਰਤੋਂ ਕਰਦੇ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਸਿੱਖ ਕੌਮ ਅਤੇ ਸਿੱਖੀ ਸਿਧਾਤਾਂ ਨੂੰ ਪੂਰਨ ਰੂਪ ’ਚ ਤਿਲਾਂਜ਼ਲੀ ਦੇ ਚੁੱਕੀ ਰਵਾਇਤੀ ਅਕਾਲੀ ਲੀਡਰਸ਼ਿਪ ਨੂੰ ਕੋਈ ਇਖ਼ਲਾਕੀ ਹੱਕ ਹੀ ਨਹੀਂ ਰਹਿ ਜਾਂਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਨਮ ਦੇ 100 ਸਾਲਾਂ ਨੂੰ ਮਨਾਉਣ ਜਾਂ ਇਸ ਦੇ ਨਾਮ ਦੀ ਦੁਰਵਰਤੋਂ ਕਰਨ। ਉਨ੍ਹਾਂ ਦਸਿਆ ਕਿ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲਾਏ ਗਏ ਮੋਰਚੇ ਵਿਚ ਗਿ੍ਰਫ਼ਤਾਰੀ ਦੇਣ ਲਈ ਪੁੱਜੇ 14 ਮੈਂਬਰੀ ਜੱਥੇ ਵਿੱਚ ਸ਼ਾਮਲ 9 ਸਿੰਘਾਂ ਅਤੇ 5 ਬੀਬੀਆਂ ਦਾ ਸਿਰੋਪਾਉ ਦੀ ਬਖ਼ਸ਼ਿਸ਼ ਨਾਲ ਸਨਮਾਨ ਕੀਤਾ ਗਿਆ।