
ਰੋਜ਼ਾਨਾ ਸਪੋਕਸਮੈਨ ਨੂੰ ਆਡੀਓ ਤੇ ਪੋਸਟ ਪਾ ਕੇ ਹਮਲੇ ਦੀ ਲਈ ਜ਼ਿੰਮੇਵਾਰੀ
Grenade attack on Islamabad police station in Amritsar: ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ਨੇੜੇ ਅੱਜ ਤੜਕੇ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਕ ਪੁਲfਸ ਅਧਿਕਾਰੀ ਨੇ ਦੱਸਿਆ ਕਿ 3 ਵਜੇ ਦੇ ਕਰੀਬ ਧਮਕੀ ਦੀ ਆਵਾਜ਼ ਸੁਣਾਈ ਦਿਤੀ। ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਧਮਾਕੇ ਦੀ ਆਵਾਜ਼ ਸੁਣੀ ਸੀ, ਪਰ ਥਾਣੇ 'ਚ ਕੋਈ ਧਮਾਕਾ ਨਹੀਂ ਹੋਇਆ। ਪੁਲਿਸ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਾਕਾ ਕਿੱਥੇ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਜੀਵਨ ਫ਼ੌਜੀ ਨੇ ਇਸਲਾਮਾਬਾਦ ਪੁਲਿਸ ਸਟੇਸ਼ਨ ਨੇੜੇ ਹੋਏ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਧਮਾਕੇ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰਾਂ ਦੀਆਂ ਕੰਧਾਂ 'ਤੇ ਲੱਗੀਆਂ ਤਸਵੀਰਾਂ ਵੀ ਹੇਠਾਂ ਡਿੱਗ ਗਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਰਅਸਲ ਸਭ ਤੋਂ ਪਹਿਲਾਂ ਇਸ ਧਮਾਕੇ ਬਾਰੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਅਮਨ ਮੋਹਨ ਨੂੰ ਮਿਲੀ ਸੀ। ਧਮਾਕੇ ਤੋਂ ਬਾਅਦ ਉਨ੍ਹਾਂ ਨੂੰ ਗੈਂਗਸਟਰ ਜੀਵਨ ਫ਼ੌਜੀ ਦੀ ਆਡੀਓ ਕਾਲ ਆਈ ਸੀ ਉਸ ਨੇ ਪੱਤਰਕਾਰ ਨੂੰ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਨੇੜੇ ਸੰਤਰੀ ਵਾਲੀ ਥਾਂ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਹਮਲਾ ਕੀਤਾ ਗਿਆ ਹੈ। ਹਾਲਾਂਕਿ ਰੋਜ਼ਾਨਾ ਸਪੋਕਸਮੈਨ ਉਸ ਆਡੀਓ ਕਾਲ ਦੀ ਪੁਸ਼ਟੀ ਨਹੀਂ ਕਰਦਾ।
ਗੈਂਗਸਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਸਾਂਝੀ ਕਰ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
.
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਥਾਣੇ ਪੁੱਜੇ। ਉਨ੍ਹਾਂ ਕਿਹਾ ਕਿ ਅਸੀਂ ਥਾਣੇ ਦੇ ਅੰਦਰ ਹੀ ਹਾਂ। ਥਾਣੇ ਦੇ ਅੰਦਰ ਕੋਈ ਧਮਾਕਾ ਨਹੀਂ ਹੋਇਆ, ਪਰ ਅਸੀਂ ਜਾਂਚ ਕਰ ਰਹੇ ਹਾਂ। ਅੱਜ ਸਵੇਰੇ ਧਮਾਕੇ ਦੀ ਆਵਾਜ਼ ਜ਼ਰੂਰ ਸੁਣੀ ਗਈ। ਅਸੀਂ ਹਾਲ ਹੀ ਵਿੱਚ ਯੂਏਪੀਏ ਦੇ ਤਹਿਤ 10 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਸਨ। ਅਜਿਹਾ ਲਗਦਾ ਹੈ ਕਿ ਨਿਰਾਸ਼ਾ ਦੇ ਆਲਮ ਵਿਚ ਇਹ ਲੋਕ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਬਾਕੀ ਬਚੇ ਲੋਕਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਵਾਂਗੇ।
ਇਸ ਦੇ ਨਾਲ ਹੀ ਕੱਲ੍ਹ ਕੌਮੀ ਸੁਰੱਖਿਆ ਏਜੰਸੀ (ਐਨਆਈਏ) ਨੇ ਪੰਜਾਬ ਪੁਲਿਸ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ 'ਚ ਪਹਿਲਾ ਨਿਸ਼ਾਨਾ ਪੰਜਾਬ ਦੇ ਥਾਣੇ ਹੋਣਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਰੀਬ ਪੰਜ ਥਾਣਿਆਂ 'ਤੇ ਗ੍ਰਨੇਡ ਅਤੇ ਆਈਈਡੀ ਹਮਲੇ ਹੋ ਚੁੱਕੇ ਹਨ। ਅਜਿਹੇ ਖਦਸ਼ੇ ਤੋਂ ਬਾਅਦ NIA ਪੰਜਾਬ 'ਤੇ ਨਜ਼ਰ ਰੱਖ ਰਹੀ ਸੀ।
https://www.youtube.com/live/BvdCFEK8Kko