
ਬੀਬੀ ਜਗੀਰ ਕੌਰ ਦੇ ਹੱਕ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਪਹੁੰਚਿਆ ਬੀਬੀਆਂ ਦਾ ਜੱਥਾ
ਅੰਮ੍ਰਿਤਸਰ : ਅੱਜ ਇਸਤਰੀ ਅਕਾਲੀ ਦਲ ਦੀ ਉਚ ਲੀਡਰਸ਼ਿਪ ਅਕਾਲ ਤਖ਼ਤ ਸਾਹਿਬ ਪੁੱਜੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਿਨ੍ਹਾਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਰੁਧ ਬੜੇ ਨੀਵੇਂ ਪੱਧਰ ਦੇ ਅਪਸ਼ਬਦ ਵਰਤਦਿਆਂ, ਇਸਤਰੀ ਜਾਤੀ ਦਾ ਮਾਣ ਸਨਮਾਨ ਰੋਲਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ।
ਇਸ ਉਚ ਪਧਰੀ ਵਫ਼ਦ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ, ਮੈਂਬਰ ਸ਼੍ਰੋਮਣੀ ਕਮੇਟੀ ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਹਰਜੀਤ ਕੌਰ ਤਲਵੰਡੀ ਨੇ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਮੰਗ ਕੀਤੀਂ। ਮੀਡੀਆ ਨਾਲ ਗੱਲਬਾਤ ਦੌਰਾਨ ਬੀਬੀ ਕਿਰਨਜੋਤ ਕੌਰ ਨੇ ਦੋਸ਼ ਲਾਇਆ ਕਿ ਏਨੇ ਵੱਡੇ ਅਹੁਦੇ ’ਤੇ ਬੈਠਾ ਵਿਅਕਤੀ ਸਭਿਅਕ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ। ਉਸ ਦੀ ਰਚਨਾ ਰਸ ਭਰੀ ਹੋਣੀ ਚਾਹੀਦੀ ਹੈ ਪਰ ਅਫ਼ਸੋਸ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਔਰਤਾਂ ਪ੍ਰਤੀ ਏਨੀ ਘਟੀਆ ਵਿਚਾਰਧਾਰਾ ਹੈ ਕਿ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ, ‘‘ਧਾਮੀ ਨੂੰ ਤਾਂ SGPC ਪ੍ਰਧਾਨ ਦੇ ਅਹੁਦੇ 'ਤੇ ਰਹਿਣਾ ਹੀ ਨਹੀਂ ਚਾਹੀਦਾ। ਜਥੇਦਾਰ SGPC ਪ੍ਰਧਾਨ ਧਾਮੀ ਖਿਲਾਫ਼ ਲੈਣ ਸਖ਼ਤ ਐਕਸ਼ਨ ਤਾਂ ਜੋ ਕੱਲ ਨੂੰ ਕੋਈ ਅਜਿਹਾ ਕਰ ਨਾ ਸਕੇ।’’
ਪਰਮਜੀਤ ਕੌਰ ਲਾਂਡਰਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਐਡਵੋਕੇਟ ਧਾਮੀ ਵਿਰੁਧ ਮਿਸਾਲੀ ਸਜ਼ਾ ਸੁਣਾਉਣ ਦੇ ਆਦੇਸ਼ ਜਾਰੀ ਕੀਤੇ ਜਾਣ। ਸਵਾਲ ਦੇ ਜਵਾਬ ਵਿਚ ਬੀਬੀ ਲਾਂਡਰਾ ਨੇ ਦਸਿਆ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅੱਗੇ ਹਰਜਿੰਦਰ ਸਿੰਘ ਧਾਮੀ ਪੇਸ਼ ਹੋਏ ਹਨ ਪਰ ਉਹ ਅਸੰਤੁਸ਼ਟ ਹਨ, ਇਸ ਲਈ ਬੀਬੀ ਜਗੀਰ ਕੌਰ ਵੀ ਕਮਿਸ਼ਨ ਅੱਗੇ ਪੇਸ਼ ਹੋਣਗੇ। ਇਸ ਤੋਂ ਬਾਅਦ ਕਮਿਸ਼ਨ ਅਪਣਾ ਫ਼ੈਸਲਾ ਸੁਣਾਵੇਗਾ।