
ਕੱੁਝ ਪਾਰਟੀਆਂ ਦੇ ਲੀਡਰ ਹਨ ਜੋ ਕਿਸਾਨੀ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ: ਹਰਜੀਤ ਗਰੇਵਾਲ
ਕਿਹਾ, ਸਰਹੱਦਾਂ 'ਤੇ ਬੈਠੇ ਕਿਸਾਨ ਅਤਿਵਾਦੀ ਨਹੀਂ ਉਹ ਤਾਂ ਸਿਰਫ਼ ਕਿਸਾਨ ਹੀ ਹਨ
ਚੰਡੀਗੜ੍ਹ, 17 ਜਨਵਰੀ : ਕੇਂਦਰ ਸਰਕਾਰ ਨੇ ਖੇਤੀਬਾੜੀ ਕਨੂੰਨਾਂ ਵਿਚ 99ਵੇਂ ਫ਼ੀ ਸਦੀ ਸੋਧ ਕਰ ਦਿਤੀ ਹੈ ਬੱਸ ਹੁਣ ਇਹ ਕਹਿਣਾ ਹੀ ਬਾਕੀ ਹੈ ਕਿ ਕਾਨੂੰਨ ਰੱਦ ਕੀਤੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਆਗੂ ਹਰਜੀਤ ਗਰੇਵਾਲ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ |
ਦਿੱਲੀ ਸਰਹੱਦ 'ਤੇ ਬੈਠੇ ਕਿਸਾਨ, ਬਜ਼ੁਰਗ, ਕਿਸਾਨ ਔਰਤਾਂ ਸਰਕਾਰ ਦੇ ਬੱਚੇ ਹੀ ਹਨ ਇਹ ਗੱਲ ਵਖਰੀ ਹੈ ਕਿ ਇਨ੍ਹਾਂ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਦੀ ਗੱਲ ਅਲੱਗ ਚੀਜ਼ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੜਕਾਂ 'ਤੇ ਬੈਠੇ ਹਨ, ਉਹ ਸੱਚੇ ਹਨ ਜਾਂ ਫਿਰ ਗ਼ਲਤ ਹਨ ਪਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੇ ਖ਼ਦਸ਼ੇ ਦੂਰ ਕਰੇ | ਕੇਂਦਰ ਸਰਕਾਰ ਇਹੋ ਸੋਚ ਕੇ ਕਿਸਾਨਾਂ ਦੇ ਖ਼ਦਸ਼ੇ ਦੂਰ ਕਰ ਰਹੀ ਹੈ | ਹਰਜੀਤ ਗਰੇਵਾਲ ਨੇ ਕਿਹਾ ਕਿ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਗ਼ਲਤ ਜਚਾਇਆ ਗਿਆ ਕਿ ਥੋਡੀਆਂ ਜ਼ਮੀਨਾਂ ਉਤੇ ਕਬਜ਼ੇ ਕਰ ਲਏ ਜਾਣਗੇ | ਇਸੇ ਕਰ ਕੇ ਉਹ ਕਾਨੂੰਨ ਰੱਦ ਕਰਨ ਦੀ ਗੱਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿਸਾਨ ਵੀ ਅਪਣੀ ਜਗ੍ਹਾਂ ਠੀਕ ਹਨ, ਦੂਜੇ ਪਾਸੇ ਸਰਕਾਰ ਵੀ ਅਪਣੀ ਥਾਂ ਠੀਕ ਹੈ | ਹਰਜੀਤ ਗਰੇਵਾਲ ਨੇ ਕਿਹਾ ਕਿ ਸਰਹੱਦਾਂ 'ਤੇ ਬੈਠੇ ਕਿਸਾਨ ਅਤਿਵਾਦੀ, ਨਕਸਲੀ ਵੱਖਵਾਦੀ ਨਹੀਂ ਹਨ, ਉਹ ਤਾਂ ਸਿਰਫ਼ ਕਿਸਾਨ ਹੀ ਹਨ ਜੋ ਅਪਣੀਆਂ ਮੰਗਾਂ ਲਈ ਬੈਠੇ ਹਨ ਪਰ ਕਿਸਾਨਾਂ ਦੀ ਲੀਡਰਸ਼ਿਪ ਵਿਚ ਕੁੱਝ ਆਗੂ ਇਨ੍ਹਾਂ ਵਿਚਾਰਧਾਰਾਵਾਂ ਨਾਲ ਸਬੰਧਤ ਹਨ | ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਕਰਨਾ ਕਿਸਾਨਾਂ ਦਾ ਹੱਕ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ | ਇਹੀ ਭਾਰਤ ਦੇ ਲੋਕਤੰਤਰ ਦੀ ਪ੍ਰਪੱਕਤਾ ਹੈ | ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਪਹਿਲਾਂ ਤਾਂ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਜਦੋਂ ਕਿਸਾਨਾਂ ਦਾ ਵਿਰੋਧ ਹੋਇਆ ਤਾਂ ਉਨ੍ਹਾਂ ਉਲਟੀ ਛਲਾਂਗ ਲਾ ਕੇ ਗਠਜੋੜ ਦੇ ਧਰਮ ਨੂੰ ਤੋੜਿਆ ਹੈ | ਉਨ੍ਹਾਂ ਨੂੰ ਅਪਣੀ ਗ਼ਲਤੀ ਮੰਨਣੀ ਚਾਹੀਦੀ ਹੈ | ਭਾਜਪਾ ਆਗੂ ਨੇ ਕਿਹਾ ਕਿ ਭੇਜੇ ਗਏ ਨੋਟਿਸ ਕਿਸੇ ਵੀ ਕਿਸਾਨ ਆਗੂ ਨੂੰ ਨਹੀਂ ਆਏ ਜੇਕਰ ਕਿਸੇ ਨੂੰ ਆਏ
ਹਨ ਤਾਂ ਉਨ੍ਹਾਂ ਨੇ ਜ਼ਰੂਰ ਕੋਈ ਨਾ ਕੋਈ ਅਜਿਹਾ ਗ਼ਲਤ ਕੰਮ ਕੀਤਾ ਹੋਵੇਗਾ | ਗਰੇਵਾਲ ਨੇ ਕਿਹਾ ਕਿ ਕੰਗਨਾ ਰਣੌਤ ਵਲੋਂ ਕਿਸਾਨਾਂ 'ਤੇ ਕੁਮੈਂਟ ਕਰਨਾ ਕੋਈ ਚੰਗੀ ਗੱਲ ਨਹੀਂ | ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਵੀ ਕਿਸਾਨਾਂ ਬਾਰੇ ਸਮਝ ਨਹੀਂ ਹੈ ਸ਼ਾਇਦ ਇਸੇ ਲਈ ਉਸ ਨੇ ਇਹ ਪ੍ਰਤੀਕਰਮ ਕੀਤਾ | ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਕਿਸਾਨਾਂ ਪ੍ਰਤੀ ਚਿੰਤਤ ਹੈ ਇਸ ਲਈ ਅਜਿਹੀਆਂ ਬਹੁਤ ਸਾਰੀਆਂ ਕਟੋਤੀਆਂ ਸਰਕਾਰ ਨੇ ਬਿਲ ਵਿਚ ਕੀਤੀਆਂ ਹਨ ਜਿਹੜੀਆਂ ਸਰਕਾਰ ਨਹੀਂ ਸੀ ਕਰਨਾ ਚਾਹੁੰਦੀ | ਕੁੱਝ ਪਾਰਟੀਆਂ ਦੇ ਲੀਡਰ ਹਨ ਜੋ ਇਸ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ |