
ਸਿਆਸੀ ਆਗੂਆਂ ਨਾਲ ਕਿਸਾਨਾਂ ਦੀ ਮੀਟਿੰਗ ਦਾ ਕੀ ਨਿਕਲਿਆ ਨਿਚੋੜ
ਹਰਦੀਪ ਸਿੰਘ ਭੋਗਲ ਦੀ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨਾਲ ਵਿਸ਼ੇਸ਼ ਗੱਲਬਾਤ
ਚੰਡੀਗੜ੍ਹ, 17 ਜਨਵਰੀ (ਹਰਦੀਪ ਸਿੰਘ ਭੋਗਲ): ਕਾਂਗਰਸ ਦੇ ਐਮ.ਪੀ. ਗੁਰਜੀਤ ਸਿੰਘ ਔਜਲਾ ਨੇ ਸਪੋਕਸਮੈਨ ਨੂੰ ਦਸਿਆ ਕਿ ਸਾਨੂੰ ਬਾਬਾ ਗੋਪਾਲ ਦਾਸ ਵਲੋਂ ਸੁਨੇਹਾ ਆਇਆ ਸੀ, ਜਿਸ ਵਿਚ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿਚ ਇਕ 'ਜਨ ਸੰਸਦ' ਬੁਲਾਉਣ ਦਾ ਸੁਝਾਅ ਰਖਿਆ ਸੀ | ਜਨ ਸੰਸਦ ਵਿਚ ਸ਼ਾਮਲ ਹੋਣ ਲਈ ਮੌਜੂਦਾ, ਹਾਰੇ ਹੋਏ ਅਤੇ ਚੋਣ ਲੜ ਚੁਕੇ ਸੰਸਦ ਮੈਂਬਰਾਂ ਨੂੰ ਸੱਦਾ ਭੇਜਣ ਦੀ ਗੱਲ ਹੋਈ ਹੈ | ਇਸ ਦਾ ਮਕਸਦ ਸਰਕਾਰ ਵਲੋਂ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਅਪਨਾਏ ਜਾ ਰਹੇ ਪੈਂਤੜਿਆਂ ਸਬੰਧੀ ਰਣਨੀਤੀ ਤੈਅ ਕਰਨਾ ਹੈ |
ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਪੰਜਾਬ ਅਤੇ ਹਰਿਆਣਾ ਵਿਚ ਵੱਡਾ ਸਮਰਥਨ ਮਿਲਿਆ ਹੈ, ਜਦਕਿ ਬਾਕੀ ਦੇਸ਼ ਵਿਚੋਂ ਇਸ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ | ਇਸ ਮਕਸਦ ਲਈ ਦੇਸ਼ ਦੀਆਂ ਵਿਰੋਧੀ ਪਾਰਟੀਆਂ ਵਿਸ਼ੇਸ਼ ਭੂਮਿਕਾ ਨਿਭਾਅ ਸਕਦੀਆਂ ਹਨ | ਜਿੱਥੇ ਜਿੱਥੇ ਕਿਸਾਨ ਜਥੇਬੰਦੀਆਂ ਦੀ ਪਹੁੰਚ ਨਹੀਂ ਹੈ, ਉਥੇ ਸਥਾਨਕ ਵਿਰੋਧੀ ਧਿਰਾਂ ਲੋਕਾਂ ਨੂੰ ਸਰਕਾਰ ਦੇ ਕਿਸਾਨੀ ਨਾਲ ਹੋ ਰਹੇ ਧੱਕਿਆਂ ਬਾਰੇ ਜਾਗਰੂਕ ਕਰ ਕੇ ਲੋਕ ਲਹਿਰ ਖੜੀ ਕਰ ਸਕਦੀਆਂ ਹਨ | ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਤੋਂ ਸਿਆਸੀ ਧਿਰਾਂ ਨੂੰ ਦੂਰ ਰੱਖਣ ਦੀ ਰਣਨੀਤੀ ਦੀ ਹਮਾਇਤ ਕਰਦਿਆਂ ਕਾਂਗਰਸੀ ਸਾਂਸਦ ਨੇ ਕਿਹਾ ਕਿ ਇਸ ਮਕਸਦ ਲਈ ਕਿਸਾਨ ਜਥੇਬੰਦੀਆਂ ਭਾਵੇਂ ਮੋਹਰੀ ਭੂਮਿਕਾ ਨਿਭਾਉਣ, ਪਰ ਜਿੱਥੇ ਜਿੱਥੇ ਭਾਜਪਾ ਸਿਆਸੀ ਪੈਂਤੜਿਆਂ ਤਹਿਤ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ,ਉਥੇ ਉਥੇ ਵਿਰੋਧੀ ਧਿਰਾਂ ਨੂੰ ਲਾਮਬੰਦ ਹੋਣਾ ਪਵੇਗਾ |
ਉਨ੍ਹਾਂ ਕਿਹਾ ਕਿ ਭਾਜਪਾ ਰਾਮ ਮੰਦਰ ਉਸਾਰੀ ਬਹਾਨੇ ਦੇਸ਼ ਭਰ ਵਿਚ 500 ਥਾਵਾਂ 'ਤੇ ਪ੍ਰੋਗਰਾਮ ਕਰਨ ਜਾ ਰਹੀ ਹੈ, ਜਿਸ ਦੀ ਵਰਤੋਂ ਕਿਸਾਨੀ ਸੰਘਰਸ਼ ਖਿਲਾਫ਼ ਕੀਤੀ ਜਾਵੇਗੀ | ਇਸ ਲਈ ਜਿਥੇ ਜਿਥੇ ਵੀ ਭਾਜਪਾ ਅਜਿਹੇ ਪ੍ਰੋਗਰਾਮ ਕਰਨ ਜਾ ਰਹੀ ਹੈ, ਉਥੇ ਸਥਾਨਕ ਸਿਆਸੀ ਆਗੂਆਂ ਨੂੰ ਇਸ ਲਈ ਸਥਾਨਕ ਕਿਸਾਨਾਂ ਨੂੰ ਜਾਗਰੂਕ ਕਰਨਾ ਹੋਵੇਗਾ, ਤਾਂ ਹੀ ਸਰਕਾਰ ਦੇ ਸਿਆਸੀ ਪੈਂਤੜਿਆਂ ਨੂੰ ਅਸਫ਼ਲ ਕੀਤਾ ਜਾ ਸਕਦਾ ਹੈ | 26 ਜਨਵਰੀ ਦੀ ਟਰੈਕਟਰ ਰੈਲੀ ਸਬੰਧੀ ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਕਿਸਾਨਾਂ ਪਾਸ ਭੇਜ ਕੇ ਰੈਲੀ ਲਈ ਸੁਝਾਏ ਰਸਤਿਆਂ ਦੇ ਰੋਡਮੈਪ ਤਿਆਰ ਕਰਵਾਏ ਤਾਂ ਜੋ ਕਿਸਾਨਾਂ ਨੂੰ ਰੈਲੀ ਲਈ ਕੋਈ ਦਿੱਕਤ ਪੇਸ਼ ਨਾ ਆਵੇ |