
ਭਾਜਪਾ ਆਗੂ ਗਰੇਵਾਲ ਅਤੇ ਜਿਆਣੀ ਦਾ ਘਰ ਘੇਰਨ ਲਈ ਔਰਤਾਂ ਨੇ ਕੀਤੀ ਸੱਥ ਰੈਲੀ
ਦੀਨਾ ਸਾਹਿਬ, 17 ਜਨਵਰੀ (ਜਗਵੀਰ ਆਜਾਦ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਘੋਲ ਸਹਾਇਤਾ ਕਮੇਟੀ ਦੇ ਆਗੂਆਂ ਵਲੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਸੈਦੋਕੇ, ਗਾਜੀਆਣਾ ਵਿਖੇ ਔਰਤਾਂ ਦੀ ਤਿਆਰੀ ਮੀਟਿੰਗ ਹੋਈ |
ਇਸ ਦੌਰਾਨ ਔਰਤ ਆਗੂ ਬਰਿੰਦਰ ਕੌਰ ਰਾਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਦਿੱਲੀ ਮੋਰਚੇ ਦੇ ਦੌਰਾਨ 18 ਜਨਵਰੀ ਨੂੰ ਜੋ ਕਿਸਾਨ ਘੋਲ ਦਾ ਔਰਤ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਹੋਇਆ ਹੈ ਉਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਹਰਜੀਤ ਸਿੰਘ ਗਰੇਵਾਲ ਭਾਜਪਾ ਆਗੂ ਅਤੇ ਸੁਰਜੀਤ ਕੁਮਾਰ ਜਿਆਣੀ ਦਾ ਘਰ ਘੇਰ ਕੇ ਮਨਾਇਆ ਜਾਵੇਗਾ ਜਿਸ ਤਹਿਤ ਪੰਜਾਬ ਦੀਆਂ ਹਜ਼ਾਰਾਂ ਔਰਤਾਂ 18 ਜਨਵਰੀ ਨੂੰ ਜਥੇਬੰਦੀ ਦੇ ਝੰਡੇ ਹੇਠ ਦੋਹਾਂ ਪਿੰਡਾਂ ਵਲ ਕੂਚ ਕਰਨਗੀਆਂ |
ਇਹ ਸੰਘਰਸ ਜਿੱਥੇ ਸਾਰੇ ਕਿਰਤੀ ਵਰਗਾਂ ਨੂੰ ਜੋੜ ਰਿਹਾ ਹੈ, ਉਥੇ ਔਰਤ ਸਕਤੀ ਵੀ ਇਸ ਸਮੇਂ ਅਪਣੇ ਹਿੱਸੇ ਦੀ ਲੜਾਈ ਵਿਚ ਵਧ ਚੜ ਕੇ ਹਿੱਸਾ ਲੈ ਰਹੀ ਹੈ | ਸਾਡੀਆਂ ਸੰਘਰਸ਼ੀ ਬੀਬੀਆਂ ਨੂੰ ਬੀਜੇਪੀ ਦੇ ਆਗੂ, ਵਰਕਰ ਅਤੇ ਬਾਲੀਵੁੱਡ ਦੀ ਇਕ ਅਦਾਕਾਰਾ ਨੇ ਸਾਡੇ ਸਿਦਕ ਨੂੰ ਮਿਹਣਾ ਮਾਰਿਆ ਹੈ | ਇਹ 18 ਜਨਵਰੀ ਨੂੰ ਔਰਤਾਂ ਦੀ ਸ਼ਮੂਲੀਅਤ ਅਪਣੀ ਤਾਕਤ ਅਤੇ ਸਿਦਕ ਦਾ ਝਲਕਾਰਾ ਦਿਖਾਏਗੀ | ਇਸ ਸਮੇਂ ਕਿਸਾਨ ਘੋਲ ਸਹਾਇਤਾ ਕਮੇਟੀ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਕਰਮ ਰਾਮਾਂ, ਜਗਮੋਹਨ ਸਿੰਘ ਸੈਦੋਕੇ, ਰਣਧੀਰ ਸੈਦੋਕੇ ਅਤੇ ਸਿੰਗਾਰਾ ਸਿੰਘ ਸੈਦੋਕੇ ਨੇ ਕਿਹਾ ਕਿ ਇਹਨਾਂ ਭਾਜਪਾ ਆਗੂਆਂ ਦੇ ਘਿਰਾਉ ਨੂੰ ਲੈਕੇ ਔਰਤਾਂ ਬਹੁਤ ਉਤਸ਼ਾਹਤ ਹਨ | ਉਨ੍ਹਾਂ ਕਿਹਾ ਕਿ ਹਰਜੀਤ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਆਏ ਦਿਨ ਮੋਦੀ ਦੇ ਵੱਡੇ ਭਗਤ ਬਨਣ ਦੀ ਦੌੜ ਵਿਚ ਕਿਸਾਨਾਂ ਬਾਰੇ ਪੁੱਠੇ ਸਿੱਧੇ ਬਿਆਨ ਦੇਣ ਤੋਂ ਬਾਜ ਨਹੀਂ ਆ ਰਹੇ ਜਿਸ ਕਰ ਕੇ ਸੂਬਾ ਕਮੇਟੀ ਵਲੋਂ ਉਨ੍ਹਾਂ ਦੇ ਪਿੰਡਾਂ ਵਲ ਔਰਤਾਂ ਵਲੋਂ ਕੂਚ ਦਾ ਪ੍ਰੋਗਰਾਮ ਦਿਤਾ ਗਿਆ ਹੈ ਤਾਂ ਜੋ ਪੰਜਾਬ ਦੀਆਂ ਔਰਤਾਂ ਮੋਦੀ ਅਤੇ ਉਸ ਦੇ ਭਗਤਾਂ ਨੂੰ ਦਸ ਸਕਣ ਕਿ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲੇ ਅਸਲ ਵਿਚ ਭਾਰਤ ਅਤੇ ਪੰਜਾਬ ਦੀ ਮਿੱਟੀ ਦੇ ਜਾਏ, ਕਿਸਾਨਾਂ ਦੇ ਧੀਆਂ ਪੁੱਤ ਹਨ | ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਇਹ ਬਿਲ ਪੂਰੀ ਤਰ੍ਹਾਂ ਰੱਦ ਨਹੀਂ ਹੋ ਜਾਂਦੇ ਇਹ ਸੰਘਰਸ਼ ਹੋਰ ਨਵੇਂ ਜੋਸ਼ ਨਾਲ ਜਾਰੀ ਰਹੇਗਾ | ਆਉਣ ਵਾਲੇ ਦਿਨਾਂ ਵਿਚ ਪਿੰਡਾਂ ਦੇ ਖੇਤ ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮਾਂ ਆਦਿ ਨੂੰ ਵੀ ਲਾਮਬੰਦ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ |
ਫੋਟੋ ਨੰਬਰ-17 ਮੋਗਾ ਦੀਨਾ ਸਾimageਹਿਬ 02 ਪੀ