
ਲੋਕਾਂ ਨੂੰ ਹਮੇਸ਼ਾ ਮਾਸਕ ਲਗਾਉਣਾ ਪਵੇਗਾ, ਅਜਿਹੀ ਕੋਈ ਸੰਭਾਵਨਾ ਨਹੀਂ : ਫ਼ਾਊਚੀ
ਕਿਹਾ, ਓਮੀਕਰੋਨ ਆਖ਼ਰੀ ਵਾਇਰਸ ਨਹੀਂ ਹੋਵੇਗਾ
ਨਵੀਂ ਦਿੱਲੀ/ਦਾਵੋਸ, 17 ਜਨਵਰੀ: ਅੰਤਰਰਾਸ਼ਟਰੀ ਸਿਹਤ ਮਾਹਰਾਂ ਨੇ ਸੋਮਵਾਰ ਨੂੰ ਚੇਤਾਵਨੀ ਦਿਤੀ ਕਿ ਕੋਵਿਡ ਮਹਾਮਾਰੀ ਜਲਦੀ ਖ਼ਤਮ ਹੋਣ ਵਾਲੀ ਨਹੀਂ ਹੈ ਅਤੇ ਓਮੀਕਰੋਨ ਕੋਰੋਨਾ ਵਾਇਰਸ ਦਾ ਆਖ਼ਰੀ ਵੇਰੀਐਂਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ ਕੁਝ ਇਸ ਘਾਤਕ ਵਾਇਰਸ ਦੇ ਅਗਲੇ ਵੇਰੀਐਂਟ ਦੇ ਪ੍ਰਭਾਵ ਅਤੇ ਉਸ ਦੀ ਸੰਕ੍ਰਾਮਕਤਾ (ਛੂਤਕਾਰੀ) ’ਤੇ ਨਿਰਭਰ ਕਰੇਗਾ।
ਵਿਸ਼ਵ ਆਰਥਿਕ ਫ਼ੋਰਮ (ਡਬਲਿਊ.ਈ.ਐਫ਼.) ਦੇ ਹਫ਼ਤਾ ਭਰ ਚੱਲਣ ਵਾਲੇ ਆਨਲਾਈਨ ਦਾਵੋਸ ਏਜੰਡਾ ਸੰਮੇਲਨ ਦੇ ਪਹਿਲੇ ਦਿਨ ਕੋਵਿਡ-19 ਦੀ ਸਥਿਤੀ ’ਤੇ ਅਪਣੇ ਸੰਬੋਧਨ ਵਿਚ ਮਸ਼ਹੂਰ ਅਮਰੀਕੀ ਮਹਾਮਾਰੀ ਵਿਗਿਆਨੀ ਐਂਥਨੀ ਫ਼ਾਊਚੀ ਨੇ ਕਿਹਾ ਕਿ ਨਵੀਂ ਸਾਧਾਰਨ ਸਥਿਤੀ ਨੂੰ ਲੈ ਕੇ ਭਵਿੱਖਬਾਣੀ ਕਰਨਾ ਮੁਸ਼ਕਲ ਹੋਵੇਗਾ, ਹਾਲਾਂਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਲੋਕਾਂ ਨੂੰ ਹਮੇਸ਼ਾ ਮਾਸਕ ਪਹਿਨਣਾ ਪਵੇਗਾ।
ਫ਼ਾਊਚੀ ਨੇ ਕਿਹਾ, ‘ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ। ਜਦੋਂਕਿ ਮੈਨੂੰ ਉਮੀਦ ਹੈ ਕਿ ਸਥਿਤੀ ਅਜੇ ਵੀ ਅਜਿਹੀ ਹੀ ਰਹੇਗੀ, ਹਾਲਾਂਕਿ, ਬਹੁਤ ਕੁੱਝ ਆਉਣ ਵਾਲੇ ਸਮੇਂ ਵਿਚ ਉਭਰਨ ਵਾਲੇ ਵਾਇਰਸ ਦੇ ਨਵੇਂ ਵੇਰੀਐਂਟਾਂ ’ਤੇ ਨਿਰਭਰ ਕਰੇਗਾ।’ ਉਨ੍ਹਾਂ ਕਿਹਾ ਕਿ ਮਹਾਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ‘ਗੁੰਮਰਾਹਕੁੰਨ ਜਾਣਕਾਰੀਆਂ’ ਹਨ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਮਹਾਮਾਰੀ ਕਦੋਂ ਤਕ ਜਾਰੀ ਰਹੇਗੀ? ਫ਼ਾਊਚੀ ਨੇ ਕਿਹਾ, ‘ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਨਵੀਂ ਸਾਧਾਰਨ ਸਥਿਤੀ ਕਿਹੋ ਜਿਹੀ ਹੋਵੇਗੀ। ਮੈਨੂੰ ਨਹੀਂ ਲਗਦਾ ਕਿ ਲੋਕਾਂ ਨੂੰ ਹਮੇਸ਼ਾ ਮਾਸਕ ਪਾਉਣਾ ਪਏਗਾ। ਹਾਲਾਂਕਿ, ਮੈਂ ਉਮੀਦ ਕਰਾਂਗਾ ਕਿ ‘ਨਵੀਂ ਸਾਧਾਰਨ ਸਥਿਤੀ’ ਇਕ-ਦੂਜੇ ਨਾਲ ਅਤੇ ਜ਼ਿਆਦਾ ਇਕਜੁਟਤਾ ਨਾਲ ਹੋਵੇਗੀ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਇਕ ਵਾਰ ਸਥਿਤੀ ਆਮ ਵਾਂਗ ਹੋਣ ’ਤੇ ਇਹ ਵੀ ਸਾਡੀਆਂ ਯਾਦਾਂ ਵਿਚ ਰਹੇਗਾ ਕਿ ਇਕ ਮਹਾਮਾਰੀ ਸਾਡੇ ਉੱਤੇ ਕਿਵੇਂ ਪ੍ਰਭਾਵ ਪਾ ਸਕਦੀ ਹੈ।’
ਦਵਾਈ ਕੰਪਨੀ ਮੋਡਰਨਾ ਦੇ ਸੀ.ਈ.ਓ. ਸਟੀਫ਼ਨ ਬੀ. ਤੋਂ ਇਲਾਵਾ ‘ਕੋਅਲਿਸ਼ਨ ਫ਼ਾਰ ਅਪੈਂਡੀਮਿਕ ਪ੍ਰੀਪੇਅਰਡਨੈਸ’ (359) ਦੇ ਸੀ.ਈ.ਓ. ਰਿਚਰਡ ਹੈਚੇਟ ਅਤੇ ਲੰਡਨ ਦੀ ਛੂਤ ਦੀਆਂ ਬਿਮਾਰੀਆਂ ਦੀ ਮਾਹਰ ਅਨੇਲਾਈਜ਼ ਵਾਈਲਡਰ ਸਮਿਥ ਨੇ ਵੀ ਸੈਸ਼ਨ ਨੂੰ ਸੰਬੋਧਨ ਕੀਤਾ। ਸਮਿਥ ਨੇ ਕਿਹਾ ਕਿ ਓਮੀਕਰੋਨ ਵਾਇਰਸ ਦਾ ਆਖ਼ਰੀ ਵੇਰੀਐਂਟ ਨਹੀਂ ਹੋਵੇਗਾ ਅਤੇ ਮਹਾਮਾਰੀ ਜਲਦੀ ਖ਼ਤਮ ਹੋਣ ਵਾਲੀ ਨਹੀਂ ਹੈ। (ਏਜੰਸੀ)