
ਸੁਪਰੀਮ ਕੋਰਟ ਦੀ ਜਾਂਚ ਕਮੇਟੀ ਦੀ ਚੇਅਰਪਰਸਨ ਜਸਟਿਸ ਇੰਦੂ ਮਲਹੋਤਰਾ ਨੂੰ ਸਿੱਖਜ਼ ਫ਼ਾਰ ਜਸਟਿਸ ਵਲੋਂ ਧਮਕੀ
ਨਵੀਂ ਦਿੱਲੀ, 17 ਜਨਵਰੀ : ਪ੍ਰਧਾਨ ਮੰਤਰੀ ਸੁਰੱਖਿਆ ਉਲੰਘਣਾ ਮਾਮਲੇ ਦੀ ਜਾਂਚ ਕਰ ਰਹੀ ਸੁਪਰੀਮ ਕੋਰਟ ਦੀ ਜਾਂਚ ਕਮੇਟੀ ਦੀ ਚੇਅਰਪਰਸਨ ਅਤੇ ਸਾਬਕਾ ਜੱਜ ਜਸਟਿਸ ਜਸਟਿਸ ਇੰਦੂ ਮਲਹੋਤਰਾ ਨੂੰ ਧਮਕੀ ਮਿਲੀ ਹੈ। ਇਹ ਧਮਕੀ ਉਸ ਨੂੰ ਸਿੱਖਜ਼ ਫ਼ਾਰ ਜਸਟਿਸ (ਐਸਐਫ਼ਜੇ) ਵਲੋਂ ਦਿਤੀ ਗਈ ਹੈ। ਦੱਸਣਯੋਗ ਹੈ ਕਿ ਇਸ ਸੰਗਠਨ ਵਲੋਂ ਧਮਕੀ ਭਰੇ ਆਡੀਉ ਕਲਿੱਪ ਜਾਰੀ ਕੀਤੇ ਗਏ ਹਨ। ਐਸਐਫ਼ਜੇ ਵਲੋਂ ਜਾਰੀ ਇਸ ਆਡੀਉ ਕਲਿੱਪ ਵਿਚ ਕਿਹਾ ਗਿਆ ਹੈ ਕਿ ਉਸਦੇ ਵਿਰੁਧ ਸ਼ਿਕਾਇਤ ਕਰਨ ਵਾਲੇ ਵਕੀਲਾਂ ਨੇ ਖ਼ੁਦ ਨੂੰ ਖ਼ਤਰਨਾਕ ਸਥਿਤੀ ਵਿਚ ਪਾ ਲਿਆ ਹੈ। ਉਨ੍ਹਾਂ ਨੇ ਵਕੀਲਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਤੋਂ ਦੂਰ ਰਹਿਣ ਲਈ ਵੀ ਕਿਹਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਕਈ ਵਕੀਲਾਂ ਨੇ ਦਾਅਵਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਮਾਮਲੇ ਦੀ ਸੁਣਵਾਈ ਨਾਲ ਜੁੜੇ ਜੱਜਾਂ ਲਈ ਧਮਕੀ ਭਰੇ ਫੋਨ ਆ ਰਹੇ ਹਨ। ਇਸ ਮਾਮਲੇ ਵਿਚ ਸਿੱਖਜ਼ ਫ਼ਾਰ ਜਸਟਿਸ ਨੇ ਖ਼ੁਦ ਨੂੰ ਜਿੰਮੇਵਾਰ ਠਹਿਰਾਇਆ ਸੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਧਾਰਾ 153, 153-ਏ ਤੇ 506 ਦੇ ਤਹਿਤ ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਅਧਿਨਿਯਮ ਦੀ ਧਾਰਾ 13,16,18 ਤੇ 20 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਸੀ।
ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਹੋਈ ਕੁਤਾਹੀ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਐਲਾਨ ਕੀਤਾ ਸੀ। ਇਹ ਪੰਜ ਮੈਂਬਰੀ ਕਮੇਟੀ ਸਾਬਕਾ ਜੱਜ ਇੰਦੂ ਮਲਹੋਤਰਾ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ। ਇਸ ਕਮੇਟੀ ਵਿਚ ਜਸਟਿਸ ਮਲਹੋਤਰਾ ਤੋਂ ਇਲਾਵਾ ਬੈਂਚ ਨੇ ਨੈਸਨਲ ਇਨਵੈਸਟੀਗੇਸਨ ਏਜੰਸੀ ਦੇ ਡਾਇਰੈਕਟਰ ਜਨਰਲ, ਚੰਡੀਗੜ੍ਹ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਸੁਰੱਖਿਆ) ਨੂੰ ਕਮੇਟੀ ਮੈਂਬਰ ਬਣਾਇਆ ਹੈ। ਇਸ ਕਮੇਟੀ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੀ ਸ਼ਾਮਲ ਹਨ। (ਏਜੰਸੀ)