
Faridkot News: ਜ਼ਖ਼ਮੀ ਔਰਤ ਦਾ ਹਸਪਤਾਲ ਵਿਚ ਚੱਲ ਰਿਹਾ ਇਲਾਜ
Faridkot father in law throw acid widowed daughter in law: ਫ਼ਰੀਦਕੋਟ 'ਚ ਇਕ ਸਹੁਰੇ ਨੇ ਆਪਣੀ ਵਿਧਵਾ ਨੂੰਹ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਔਰਤ ਬੁਰੀ ਤਰ੍ਹਾਂ ਝੁਲਸ ਗਈ। ਔਰਤ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੋਟਕਪੂਰਾ ਦੇ ਦੁਆਰੇਆਣਾ ਰੋਡ ਦੀ ਰਹਿਣ ਵਾਲੀ ਵਿਧਵਾ ਔਰਤ (35) ਇਨ੍ਹੀਂ ਦਿਨੀਂ ਆਪਣੇ ਪੇਕੇਘਰ ਰਹਿ ਰਹੀ ਸੀ ਅਤੇ ਕੋਟਕਪੂਰਾ ਦੇ ਇੱਕ ਨਿੱਜੀ ਸਕੂਲ ਵਿੱਚ ਸਫ਼ਾਈ ਸੇਵਕ ਵਜੋਂ ਕੰਮ ਕਰ ਰਹੀ ਸੀ। ਸ਼ਨੀਵਾਰ ਸਵੇਰੇ ਉਹ ਇਕ ਹੋਰ ਔਰਤ ਨਾਲ ਸਕੂਲ ਡਿਊਟੀ ਲਈ ਜਾ ਰਿਹਾ ਸੀ। ਜਦੋਂ ਉਹ ਸਕੂਲ ਨੇੜੇ ਪੁੱਜੀ ਤਾਂ ਉਸ ਦੇ ਸਹੁਰੇ ਧੀਰੂ ਨੇ ਉਸ ’ਤੇ ਤੇਜ਼ਾਬ ਪਾ ਦਿੱਤਾ।
ਔਰਤ ਵੱਲੋਂ ਰੌਲਾ ਪਾਉਣ 'ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਆਸ-ਪਾਸ ਦੇ ਲੋਕ ਉਸ ਨੂੰ ਪਹਿਲਾਂ ਕੋਟਕਪੂਰਾ ਦੇ ਸਿਵਲ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਮੈਡੀਕਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਦੀਪਕ ਭੱਟੀ ਨੇ ਦੱਸਿਆ ਕਿ ਔਰਤ ਦੇ ਚਿਹਰੇ, ਅੱਖਾਂ ਅਤੇ ਹੱਥਾਂ 'ਤੇ ਤੇਜ਼ਾਬ ਪਾਇਆ ਗਿਆ ਹੈ | ਹਾਲਾਂਕਿ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਸੱਟ ਗੰਭੀਰ ਹੈ ਅਤੇ ਉਸ ਨੂੰ ਐਮਰਜੈਂਸੀ ਸਿਹਤ ਸੰਭਾਲ ਦਿੱਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਔਰਤ ਦੇ ਬਿਆਨ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।