
ਅੱਜ ਸੂਬਾ ਪ੍ਰਧਾਨ ਬਾਦਲ ਨੂੰ ਮਿਲੇ, ਭਲਕੇ ਦਿੱਲੀ ਤੋਂ ਪੁੱਜ ਰਹੇ ਕੌਮੀ ਪ੍ਰਧਾਨ
ਬਠਿੰਡਾ : ਦਿੱਲੀ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਦੇ ਤੇਵਰ ਢਿੱਲੇ ਪੈਣੇ ਸ਼ੁਰੂ ਹੋ ਗਏ ਹਨ। ਦਿੱਲੀ ਚੋਣਾਂ ਦੌਰਾਨ ਬਾਦਲਾਂ ਨੂੰ ਅਣਗੌਲਿਆ ਕਰਨ ਵਾਲੀ ਭਾਜਪਾ ਹੁਣ ਬਾਦਲਾਂ ਨੂੰ ਪਲੋਸਣ ਦੇ ਰਾਹ ਤੁਰ ਪਈ ਹੈ। ਇਸਦੇ ਪਿੱਛੇ ਦਿੱਲੀ ਵਿਧਾਨ ਸਭਾ 'ਚ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਮਿਲੀ ਕਰਾਰ ਹਾਰ ਦਾ ਅਸਰ ਵੀ ਸਾਫ਼ ਨਜ਼ਰ ਆ ਰਿਹਾ। ਜਿਸਤੋਂ ਬਾਅਦ ਅਕਾਲੀਆਂ ਖ਼ਾਸਕਰ ਬਾਦਲਾਂ ਨੇ ਕੌਮੀ ਨਾਗਰਿਕਤਾ ਸੋਧ ਬਿੱਲ 'ਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੇ ਮੁੱਦੇ 'ਤੇ ਅਸਿੱਧੇ ਢੰਗ ਨਾਲ ਭਾਜਪਾ ਨੂੰ ਘੇਰਨਾ ਸ਼ੁਰੂ ਕੀਤਾ ਹੋਇਆ ਸੀ।
Photo
ਇਸੇ ਕੜੀ ਤਹਿਤ ਅੱਜ ਪੰਜਾਬ ਭਾਜਪਾ ਦੇ ਨਵਨਿਯੁਕਤ ਪ੍ਰਧਾਨ ਅਸ਼ਵਨੀ ਸਰਮਾ ਨੇ ਪਿੰਡ ਬਾਦਲ ਪੁੱਜ ਕੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਸੰਗਠਨ ਮੰਤਰੀ ਦਿਨੇਸ਼ ਅਤੇ ਜਨਰਲ ਸਕੱਤਰ ਦਿਆਲ ਸੋਢੀ ਵੀ ਹਾਜ਼ਰ ਸਨ। ਪਾਰਟੀ ਦੇ ਸੂਤਰਾਂ ਮੁਤਾਬਕ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੀ 20 ਫ਼ਰਵਰੀ ਨੂੰ ਸਾਬਕਾ ਮੁੱਖ ਮੰਤਰੀ ਨੂੰ ਮਿਲਣ ਲਈ ਪਿੰਡ ਬਾਦਲ ਪੁੱਜ ਰਹੇ ਹਨ।
Photo
ਮਹੱਤਵਪੂਰਨ ਗੱਲ ਇਹ ਹੈ ਕਿ ਸ਼੍ਰੀ ਨੱਢਾ ਦਾ ਇਹ ਪਹਿਲਾ ਪੰਜਾਬ ਦੌਰਾ ਹੈ ਤੇ ਉਹ ਸਿੱਧੇ ਵੱਡੇ ਬਾਦਲ ਤੋਂ ਅਸੀਰਵਾਦ ਲੈਣ ਲਈ ਹੀ ਆ ਰਹੇ ਹਨ। ਹਾਲਾਂਕਿ ਉਹ ਉਕਤ ਦਿਨ ਬਾਅਦ ਦੁਪਿਹਰ ਸ੍ਰੀ ਹਰਮਿੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਮੱਥਾ ਟੇਕਣ ਜਾਣਗੇ। ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਅਕਾਲੀਆਂ ਖ਼ਾਸਕਰ ਛੋਟੇ ਬਾਦਲ ਨਾਲ ਭਾਜਪਾ ਦੇ ਸੂਬਾਈ ਤੇ ਕੌਮੀ ਆਗੂਆਂ ਦੀ ਦਾਲ ਨਹੀਂ ਗਲ ਰਹੀ ਹੈ। ਜਿਸਦਾ ਨਤੀਜਾ ਪਿਛਲੇ ਸਾਲ ਹਰਿਆਣਾ ਤੇ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੀ ਅਕਾਲੀਆਂ ਨੂੰ ਪਾਸੇ ਰੱਖਣ ਤੋਂ ਸਾਹਮਣੇ ਆ ਰਿਹਾ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ 23 ਸੀਟਾਂ ਤਕ ਹੀ ਸੀਮਤ ਨਹੀਂ ਰਹੇਗੀ ਤੇ ਬਰਾਬਰਤਾ ਵਾਲਾ ਸਿਧਾਂਤ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
Photo
ਉਧਰ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਪਿੱਛੇ ਕੋਈ ਸਿਆਸੀ ਮੰਤਵ ਨਾ ਹੋਣ ਦਾ ਦਾਅਵਾ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਪੋਕਸਮੈਨ ਨੂੰ ਦਸਿਆ ਕਿ ਉਹ ਪ੍ਰਧਾਨ ਬਣਨ ਤੋਂ ਬਾਅਦ ਸ. ਬਾਦਲ ਕੋਲੋ ਅਸ਼ੀਰਵਾਦ ਲੈਣ ਗਏ ਸਨ ਤੇ ਕੌਮੀ ਪ੍ਰਧਾਨ ਵੀ ਅਜਿਹਾ ਕਰਨ ਲਈ ਹੀ ਆ ਰਹੇ ਹਨ। ਉਨ੍ਹਾਂ ਦੋਨਾਂ ਧਿਰਾਂ 'ਚ ਗਠਜੋੜ ਟੁੱਟ ਜਾਣ ਦੀਆਂ ਚਰਚਾਵਾਂ ਨੂੰ ਨਿਰਮੂਲ ਕਰਾਰ ਦਿਤਾ।
Photo
ਪਾਰਟੀ ਦੇ ਆਗੂਆਂ ਵਲੋਂ ਆਗਾਮੀ ਚੋਣਾਂ 'ਚ 59 ਸੀਟਾਂ 'ਤੇ ਚੋਣ ਲੜਣ ਦੇ ਕੀਤੇ ਦਾਅਵਿਆਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਦਾ ਵਿਸਥਾਰ ਕਰਨ ਦਾ ਸਾਰਿਆਂ ਨੂੰ ਹੀ ਹੱਕ ਹੈ ਤੇ ਭਾਜਪਾ ਆਗੂ ਵੀ ਅਜਿਹਾ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਸਥਾਨਕ ਸਰਕਟ ਹਾਊਸ 'ਚ ਮਾਲਵਾ ਪੱਟੀ ਦੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਵੀ ਜ਼ਿਲ੍ਹਾ ਵਾਈਜ਼ ਮੀਟਿੰਗਾਂ ਕੀਤੀਆਂ।
Photo
ਮੀਟਿੰਗਾਂ ਦੌਰਾਨ ਜਿਥੇ ਕੌਮੀ ਪ੍ਰਧਾਨ ਦਾ ਭਰਵਾਂ ਸਵਾਗਤ ਕਰਨ ਦਾ ਫ਼ੈਸਲਾ ਲਿਆ ਗਿਆ, ਉਥੇ ਨਾਗਰਿਕਤਾ ਸੋਧ ਬਿੱਲ 'ਤੇ ਲੋਕਾਂ 'ਚ ਫੈਲੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਹੇਠਲੇ ਪੱਧਰ 'ਤੇ ਮਜਬੂਤ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ, ਸ਼ਹਿਰੀ ਆਗੂ ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ, ਐਡਵਕੇਟ ਪੰਕਜ਼ ਅਰੋੜਾ ਆਦਿ ਹਾਜ਼ਰ ਸਨ।