
ਯੂ.ਪੀ., ਹਰਿਆਣਾ ਤੇ ਰਾਜਸਥਾਨ ਪਿਛੋਂ ਹੁਣ ਅਸੀ ਪਛਮੀ ਬੰਗਾਲ ਵਿਚ ਵੀ ਮਹਾਂ-ਪੰਚਾਇਤ ਕਰਾਂਗੇ: ਰਾਕੇਸ਼ ਟਿਕੈਤ
ਨਵੀਂ ਦਿੱਲੀ, 17 ਫ਼ਰਵਰੀ (ਅਮਨਦੀਪ ਸਿੰਘ): ਗਾਜ਼ੀਪੁਰ ਕਿਸਾਨ ਮੋਰਚੇ ਉਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਚੌਧਰੀ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਉਹ ਯੂ.ਪੀ., ਹਰਿਆਣਾ ਤੇ ਰਾਜਸਥਾਨ ਵਿਚ ਪੰਚਾਇਤਾਂ ਕਰ ਕੇ ਕਿਸਾਨ-ਮਜ਼ਦੂਰਾਂ ਨੂੰ ਨਾਲ ਜੋੜ ਰਹੇ ਹਨ। ਛੇਤੀ ਹੀ ਪਛਮੀ ਬੰਗਾਲ ਸਣੇ ਹੋਰਨਾਂ ਸੂਬਿਆਂ ਵਿਚ ਵੀ ਕਿਸਾਨ ਪੰਚਾਇਤਾਂ ਕਰ ਕੇ ਕਾਲੇ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਾਮਬੰਦ ਕਰਨਗੇ। ਉਨ੍ਹਾਂ ਸੰਘਰਸ਼ ਦੀ ਲੜੀ ਵਿਚ 18 ਫ਼ਰਵਰੀ ਨੂੰ ਕਿਸਾਨਾਂ ਨੂੰ ਦੇਸ਼ ਭਰ ਵਿਚ ਰੇਲਾਂ ਰੋਕਣ ਦਾ ਵੀ ਸੱਦਾ ਦਿਤਾ।
ਅੱਜ ਉਨ੍ਹਾਂ ਕਿਹਾ ਕਿ ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸੂਬੇ ਦਾ ਦੌਰਾ ਕਰ ਕੇ ਉਥੋਂ ਦੇ ਕਿਸਾਨਾਂ ਨੂੰ ਦਰਪੇਸ਼ ਔਕੜਾਂ ਸਮਝਣਗੇ। ਫਿਰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਤੇ ਪਛਮੀ ਬੰਗਾਲ ਸਰਕਾਰ ਨਾਲ ਗੱਲਬਾਤ ਕਰਨਗੇ। ਅੱਜ ਗਾਜ਼ੀਪੁਰ ਕਿਸਾਨ ਮੋਰਚੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਿਕੈਤ ਨੇ ਕਿਹਾ ਅੱਜ ਵੀ ਕਿਸਾਨ ਪੁਰਾਣੇ ਜੋਸ਼ ਤੇ ਜਨੂੰਨ ਨਾਲ ਮੋਰਚੇ ਉਤੇ ਡੱਟੇ ਹੋਏ ਹਨ।
ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਿਸਾਨ ਮੋਰਚੇ ਵਿਚ ਆ ਵੀ ਰਹੇ ਹਨ ਤੇ ਵਾਪਸ ਪਰਤ ਵੀ ਰਹੇ ਹਨ ਕਿਉਂਕਿ ਕਿਸਾਨਾਂ ਨੂੰ ਮੋਰਚੇ ਦੇ ਨਾਲ ਅਪਣੇ ਖੇਤਾਂ ਦਾ ਵੀ ਧਿਆਨ ਰਖਣਾ ਹੈ। ਕਿਸਾਨ ਇਕਜੱਟ ਹਨ। ਜੇ ਲੋੜ ਪਈ ਤਾਂ ਕਿਸਾਨ ਇਕ ਆਵਾਜ਼ ਉਤੇ ਪੁੱਜ ਜਾਣਗੇ।
ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਦੇਸ਼ ਭਰ ਵਿਚ 18 ਫ਼ਰਵਰੀ ਨੂੰ ਦੁਪਹਿਰ 12 ਤੋਂ ਸ਼ਾਮ 4 ਵੱਜੇ ਤੱਕ ਰੇਲਾਂ ਰੋਕੀਆਂ ਜਾਣਗੀਆ। ਕਿਸਾਨ ਆਪਣੇ ਨੇੜਲੇ ਰੇਲਵੇ ਸਟੇਸ਼ਨਾਂ ਉਤੇ ਪਹੁੰਚ ਕੇ ਰੇਲਾਂ ਰੋਕਣਗੇ। ਕਿਸਾਨ ਰੇਲ ਗੱਡੀਆਂ ਦਾ ਫੁੱਲਾਂ ਨਾਲ ਸੁਆਗਤ ਕਰਨਗੇ। ਪਿਛੋਂ ਯਾਤਰੂਆਂ ਨੂੰ ਕਿਸਾਨ ਬਿਲਾਂ ਦੀ ਅਸਲੀਅਤ ਸਮਝਾਉਣਗੇ। ਫਿਰ ਯਾਤਰਆਂ ਨੂੰ ਪਾਣੀ, ਦੁੱਧ ਤੇ ਚਾਹ ਵੀ ਪਿਆਉਣਗੇ। ਬੱਚਿਆਂ ਨੂੰ ਵੀ ਦੁੱਧ ਪਿਆਉਣ ਦਾ ਇੰਤਜ਼ਾਮ ਕੀਤਾ ਜਾ ਚੁਕਾ ਹੈ।
18 ਫ਼ਰਵਰੀ ਨੂੰ ਦੇਸ਼ ਭਰ ਵਿਚ ਕਿਸਾਨ ਰੇਲਾਂ ਰੋਕ ਕੇ ਯਾਤਰੂਆਂ ਨੂੰ ਖੇਤੀਬਾੜੀ ਕਾਨੂੰਨਾਂ ਦੀ ਅਸਲੀਅਤ ਸਮਝਾਉਣਗੇ
ਫ਼ੋਟੋ ਕੈਪਸ਼ਨ:- ਗਾਜ਼ੀਪੁਰ ਕਿਸਾਨ ਮੋਰਚੇ ਵਿਚ ‘ਯੂਨਾਈਟਡ ਫਾਰਮ ਆਫ਼ ਕੇਰਲਾ’ ਦੇ ਜੱਥੇ ਤੋਂ ਹਮਾਇਤ ਕਬੂਲਦੇ ਹੋਏ ਰਾਕੇਸ਼ ਟਿਕੈਤ ।
ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 17 ਫ਼ਰਵਰੀ^ ਫ਼ੋਟੋ ਫ਼ਾਈਲ ਨੰਬਰ 03 ਨੱਥੀ ਹੈ।