
ਮੇਰੇ ’ਤੇ ਉਂਗਲ ਚੁਕਣ ਵਾਲੇ ਆਪ ਕਿੰਨੇ ਦੁੱਧ ਦੇ ਧੋਤੇ ਹਨ : ਜੋਗਿੰਦਰ ਸਿੰਘ ਉਗਰਾਹਾਂ
ਸੋਸ਼ਲ ਮੀਡੀਆ ਉਤੇ ਲੋਕ ਉਗਰਾਹਾਂ ਨੂੰ ਦਸ ਰਹੇ ਹਨ ਕਾਮਰੇਡ, ਉਗਰਾਹਾਂ ਦੀਆਂ ਦੋ ਧੀਆਂ, ਦੋਵੇਂ ਅੰਮਿ੍ਰਤਧਾਰੀ
ਅੰਮ੍ਰਿਤਸਰ, 17 ਫ਼ਰਵਰੀ (ਅਮਨਦੀਪ ਸਿੰਘ ਕੱਕੜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਸੋਸ਼ਲ ਮੀਡੀਆ ਉਤੇ ਘਟੀਆ ਕਿਸਮ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜੋਗਿੰਦਰ ਸਿੰਘ ਕਾਮਰੇਡ ਹੈ, ਜੋਗਿੰਦਰ ਸਿੰਘ ਸਿੱਖ ਵਿਰੋਧੀ ਹੈ। ਅਜਿਹੇ ਇਲਜ਼ਾਮ ਲਗਾਉਣ ਵਾਲਿਆਂ ਨੂੰ ਅਪਣੇ ਅੰਦਰ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਦੂਸਰੇ ਤੇ ਉਂਗਲ ਚੁੱਕਣ ਵਾਲੇ ਆਪ ਕਿੰਨੇ ਦੁੱਧ ਦੇ ਧੋਤੇ ਹਨ। ਅਪਣੇ ਸਿੱਖ ਹੋਣ ਬਾਰੇ ਜੋਗਿੰਦਰ ਸਿੰਘ ਉਗਰਾਹਾਂ ਨੇ ਦਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਦਾ ਕਈ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀਆਂ ਆਖ਼ਰੀ ਰਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੀਆਂ ਗਈਆਂ ਸਨ।
ਉਨ੍ਹਾਂ ਦਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਹਨ ਅਤੇ ਦੋਨੋਂ ਅੰਮ੍ਰਿਤਧਾਰੀ ਹਨ ਅਤੇ ਜਵਾਈ ਵੀ ਅੰਮ੍ਰਿਤਧਾਰੀ ਹਨ, ਦੋਹਤਰੇ ਵੀ ਦਸਤਾਰਾਂ ਬੰਨਦੇ ਹਨ। ਜੋਗਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਉਹ ਕਮਿਊਨਿਜ਼ਮ ਨੂੰ ਮੰਨਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਗੁਰਬਾਣੀ ਜਾਂ ਗੁਰੂਆਂ ਨੂੰ ਨਕਾਰਦੇ ਹਨ। ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਗੁਰਬਾਣੀ ਨੂੰ ਪੂਜਣ ਵਿਚ ਨਹੀਂ ਅਪਨਾਉਣ ਵਿਚ ਵਿਸ਼ਵਾਸ ਰੱਖਦੇ ਹਨ। ਜੋਗਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ, ਵੰਡ ਛੱਕਣ’ ਜਾਤੀ ਵਿਵਸਥਾ ਤੋਂ ਰਹਿਤ ਦੀ ਜੋ ਗਲ ਕੀਤੀ ਸੀ, ਉਹੋ ਗੱਲ ਕਮਿਊਨਿਜ਼ਮ ਦਾ ਫਲਸਫਾ ਹੈ। ਜੋਗਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਜਪੁਜੀ ਸਾਹਿਬ ਜੀ ਦਾ ਪਾਠ ਕੰਠ ਕੀਤਾ ਹੋਇਆ ਹੈ, ਅਤੇ ਕਿਸੇ ਵੀ ਨਸ਼ੇ ਦਾ ਸੇਵਨ ਨਹੀਂ ਕਰਦੇ। ਜੋਗਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਕਿਸਾਨੀ ਘੋਲਾਂ ਵਿਚ ਲੰਗ ਗਈ ਹੈ, ਜਿਹੜੇ ਦੋ ਚਾਰ ਸਾਲ ਰਹਿ ਗਏ ਹਨ, ਉਹ ਵੀ ਏਸੇ ਲੇਖੇ ਲੱਗ ਜਾਣ। ਗ਼ਲਤੀਆਂ ਵੀ ਉਸ ਕੋਲੋ ਹੁੰਦੀਆਂ ਹਨ ਜੋ ਮੈਦਾਨ ਵਿਚ ਹੋਵੇ, ਜੋ ਕੁੱਝ ਕਰਦਾ ਹੋਵੇ। ਵਿਦੇਸ਼ਾਂ ਵਿਚ ਪੁਠਾ ਉਸਤਰਾ ਲਾਉਣ ਵਾਲੇ ਸਿੱਖੀ ਦੇ ਠੇਕੇਦਾਰਾਂ ਨੂੰ ਕੋਈ ਹੱਕ ਨਹੀਂ ਕਿ ਉਹ ਅਪਣੇ ਦਾਦੇ ਦੀ ਉਮਰ ਵਾਲੇ ਨੂੰ ਗਾਹਲ ਕੱਢਣ। ਸਿੱਖੀ ਨੂੰ ਖ਼ਤਰਾ ਕਾਮਰੇਡਾਂ ਤੋਂ ਨਹੀਂ ਆਹ ਫ਼ਤਵੇ ਜਾਰੀ ਕਰਨ ਵਾਲੇ ਘੋਦਰ ਸਿੱਖਾਂ ਤੋਂ ਜ਼ਿਆਦਾ ਹੈ। ਕਿਸੇ ਬਾਰੇ ਕੋਈ ਰਾਏ ਬਣਾਉਣ ਤੋਂ ਪਹਿਲਾਂ ਉਸ ਬਾਰੇ ਥੋੜ੍ਹੀ ਖੋਜ ਜ਼ਰੂਰ ਕਰ ਲੈਣੀ ਚਾਹੀਦੀ ਹੈ।
ਮੋਰਚੇ ਵਿਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਪਰ ਇਹ ਲੋਕ ਪ੍ਰਚਾਰ ਕਰ ਰਹੇ ਹਨ ਕਿ ਮੋਰਚੇ ਵਿਚ ਸਿਰਫ਼ ਬੁੱਢੇ ਰਹਿ ਗਏ ਹਨ। ਕੀ ਇਹ ਕਹਿਣਾ ਚਾਹੁੰਦੇ ਹਨ ਕਿ ਦੀਪ ਸਿੱਧੂ ਕਿਲੇ੍ਹ ਤੋਂ ਭੱਜਣ ਸਮੇਂ ਸਾਰੇ ਨੌਜਵਾਨ ਪਲਟੀਨੇ ਉਤੇ ਨਾਲ ਬਿਠਾਕੇ ਲੈ ਗਿਆ ਸੀ? ਅੱਜ ਵੀ ਸਾਰੇ ਨੌਜਵਾਨ ਮੋਰਚੇ ਉਤੇ ਡਟੇ ਹੋਏ ਹਨ।