
ਕਾਰਪੋਰੇਸ਼ਨ ਤੇ ਮਿਉਂਸਪਲ ਕਮੇਟੀ ਚੋਣਾਂ ਵਿਚ ਕਾਂਗਰਸ ਦੀ ਰੀਕਾਰਡ ਤੋੜ ਜਿੱਤ
ਵਿਧਾਨ ਸਭਾ ਚੋਣਾਂ 'ਚ ਵੀ ਕੈਪਟਨ ਦੀ ਬੱਲੇ ਬੱਲੇ ਹੋਵੇਗੀ : ਜਾਖੜ
ਚੰਡੀਗੜ੍ਹ, 17 ਫ਼ਰਵਰੀ (ਜੀ.ਸੀ.ਭਾਰਦਵਾਜ) : ਬੀਤੇ ਐਤਵਾਰ 8 ਕਾਰਪੋਰੇਸ਼ਨਾਂ ਤੇ 109 ਮਿਉਂਸਪਲ ਕਮੇਟੀ ਤੇ ਨਗਰ ਪੰਚਾਇਤਾਂ ਦੇ ਕੁਲ 2305 ਵਾਰਡਾਂ ਲਈ ਪਈਆਂ ਵੋਟਾਂ ਦੇ ਅੱਜ 7 ਕਾਰਪੋਰੇਸ਼ਨਾਂ ਤੇ 104 ਮਿਉਂਸਪਲ ਕਮੇਟੀ ਦੇ ਨਤੀਜਿਆਂ ਵਿਚੋਂ 95 ਫ਼ੀ ਸਦੀ ਕਾਮਯਾਬੀ ਪ੍ਰਾਪਤੀ ਕਰਨ ਵਾਲੀ ਸੱਤਾਧਾਰੀ ਕਾਂਗਰਸ ਨੇ ਹੁਣ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਮਿਸ਼ਨ 2022 ਦਾ ਬਿਗਲ ਵਜਾ ਦਿਤਾ ਹੈ |
ਸਾਰੇ ਪੰਜਾਬ ਵਿਚ ਢੋਲ ਨਗਾਰਿਆਂ ਦੀ ਬੱਲੇ ਬੱਲੇ ਅਤੇ ਭੰਗੜਾ ਪਾਉਣ ਦੀਆਂ ਆਵਾਜ਼ਾਂ ਵਿਚ ਅੱਜ ਬੇਹੱਦ ਖ਼ੁਸ਼ੀ ਵਿਚ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਕਾਨਫ਼ਰੰਸ ਵਿਚ ਦਸਿਆ ਕਿ ਇਨ੍ਹਾਂ ਕਸਬਿਆਂ ਤੇ ਸ਼ਹਿਰੀ ਵੋਟਰਾਂ ਦੀਆਂ ਚੋਣਾਂ ਵਿਚ ਕਾਂਗਰਸ ਨੇ ਰੀਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ ਅਤੇ ਪੰਜਾਬ ਵਿਚ ਧਰਮ, ਫ਼ਿਰਕੂ, ਸਮਾਜਕ ਤੇ ਪੇਂਡੂ ਸ਼ਹਿਰੀ ਮਾਹੌਲ ਵਿਚ ਵੰਡੀਆਂ ਪਾਉਣ ਵਾਲੀਆਂ ਪਾਰਟੀਆਂ ਮੂੰਧੇ ਮੂੰਹ ਡਿਗੀਆਂ ਹਨ | ਇਨ੍ਹਾਂ ਵਿਚ ਅਕਾਲੀ, ਬੀਜੇਪੀ, ਆਪ ਸ਼ਾਮਲ ਹਨ | ਜਿਨ੍ਹਾਂ ਚੋਣ ਪ੍ਰਚਾਰ ਦੌਰਾਨ ਕੇਵਲ ਸੂਬੇ ਵਿਚ ਲੋਕਾਂ ਨੂੰ ਗੁੱਟਾਂ ਵਿਚ ਵੰਡਣ ਦਾ ਹੀ ਜ਼ੋਰ ਲਾਇਆ ਅਤੇ ਪੰਜਾਬ ਦੀ ਅਮਨਸ਼ਾਂਤੀ ਭੰਗ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ |
ਇਸ ਵੱਡੀ ਜਿੱਤ ਦਾ ਸਿਹਰਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਮਿਸਾਲ ਲੀਡਰਸ਼ਿਪ ਅਤੇ ਲੋਕਾਂ ਦੀ ਸੂਝ ਬੂਝ ਨੂੰ ਦਿੰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਆਏ ਨਤੀਜਿਆਂ ਵਿਚ ਕਾਂਗਰਸ ਨੇ ਸਾਰੀਆਂ 7 ਕਾਰਪੋਰੇਸ਼ਨਾਂ ਵਿਚ ਭਾਰੀ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ 104 ਵਿਚੋਂ 98 ਮਿਉਂਸਪਲ, ਨਗਰ ਪੰਚਾਇਤਾਂ ਵਿਚ ਬਹੁਮਤ ਹਾਸਲ ਕੀਤਾ ਹੈ | ਮੁਹਾਲੀ ਕਾਰਪੋਰੇਸ਼ਨ ਦੇ ਨਤੀਜੇ ਕਲ੍ਹ ਆਉਣਗੇ | ਅਕਾਲੀ ਦਲ, ਬੀਜੇਪੀ ਅਤੇ ਆਪ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਾਂਗਰਸ ਪ੍ਰਧਾਨ ਨੇ ਅੰਕੜੇ ਤੇ ਵੇਰਵੇ ਦਿੰਦਿਆਂ ਕਿਹਾ ਕਿ ਵਿਰੋਧੀ ਧਿਰਾਂ ਨੇ ਕੇਵਲ ਕਾਂਗਰਸ ਵਿਰੁਧ ਦੂਸ਼ਣਬਾਜ਼ੀ ਕੀਤੀ, ਵਿਕਾਸ ਕੰਮਾਂ ਦੀ ਚਰਚਾ ਨਹੀਂ ਕੀਤੀ ਅਤੇ ਬੀਜੇਪੀ ਨੇ ਕੇਵਲ ਕਿਸਾਨ ਅੰਦੋਲਨ ਦੀ ਆਲੋਚਨਾ ਕੀਤੀ ਅਤੇ ਇਨ੍ਹਾਂ ਚੋਣਾਂ ਵਿਚ ਲੋਕਾਂ ਦੀ ਨਬਜ਼ ਨਹੀਂ ਪਛਾਣੀ ਜਿਸ ਕਰ ਕੇ ਪੰਜਾਬ ਦੇ ਵੋਟਰਾਂ ਨੇ ਕੇਂਦਰ ਸਰਕਾਰ ਨੂੰ ਸਖ਼ਤ ਸੁਨੇਹਾ ਦਿਤਾ ਕਿ ਸਾਰਾ ਪੰਜਾਬ ਸਿਰਫ਼ ਕਾਂਗਰਸ ਨੇਤਾ ਕੈਪਟਨ ਅਮਰਿੰਦਰ ਸਿੰਘ ਨਾਲ ਖੜਾ ਹੈ |
ਇਨ੍ਹਾਂ ਚੋਣਾਂ ਵਿਚ ਕੇਵਲ 40 ਲੱਖ ਵੋਟਰਾਂ ਨੇ ਹਿੱਸਾ ਲਿਆ ਜਦੋਂ ਕਿ ਪੰਜਾਬ ਵਿਚ ਕੁਲ ਵੋਟ 2,10,00,000 (ਦੋ ਕਰੋੜ 10 ਲੱਖ) ਤੋਂ ਵੱਧ ਹਨ, ਕੇਵਲ 34 ਫ਼ੀ ਸਦੀ ਵੋਟਰਾਂ ਵਿਚ ਭਾਰੀ ਜਿੱਤ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 4 ਜਾਂ 5 ਦੋਵੇਂ ਮੁਕਾਬਲੇ ਵਿਚ ਕਿਵੇਂ ਕਾਂਗਰਸ ਜਿੱਤ ਪ੍ਰਾਪਤ ਕਰੇਗੀ? ਦੇ ਜਵਾਬ ਵਿਚ ਜਾਖੜ ਨੇ ਕਿਹਾ ਕਿ ਪਾਰਟੀ ਦੇ ਨੇਤਾ, ਅਹੁਦੇਦਾਰ, ਵਰਕਰ ਅਤੇ ਸਹਿਯੋਗੀ ਅੱਜ ਤੋਂ ਹੀ ਕੈਪਟਨ ਮਿਸ਼ਨ 2022 ਸ਼ੁਰੂ ਕਰਨਗੇ ਅਤੇ ਰਹਿੰਦੀਆਂ 66 ਫ਼ੀ ਸਦੀ ਦਿਹਾਤੀ ਵੋਟਰਾਂ ਦੇ ਘਰੀਂ ਜਾ ਕੇ ਪਾਰਟੀ ਦੀ ਕਾਮਯਾਬੀ ਦੁਹਰਾਉਣ ਲਈ ਰਾਤ ਦਿਨ ਇਕ ਕਰਨਗੇ |
ਇਸ ਸੈਮੀਫ਼ਾਈਨਲ ਮੈਚ ਵਿਚ ਜਿੱਤ ਪ੍ਰਾਪਤੀ ਮਗਰੋਂ ਅੱਗੇ ਜਨਵਰੀ 2022 ਵਿਚ ਕਿਸ ਨਾਲ ਫ਼ਾਈਨਲ ਮੁਕਾਬਲਾ ਹੋਵੇਗਾ? ਦੇ ਸਵਾਲ 'ਤੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਵੇਂ ਅਕਾਲੀ ਦਲ 4 ਮਹੀਨੇimage ਪਹਿਲਾਂ ਬੀਜੇਪੀ ਨੂੰ ਛੱਡਣ ਦਾ ਡਰਾਮਾ ਕਰੀ ਜਾ ਰਿਹਾ ਹੈ ਪਰ ਅੰਦਰਖਾਤੇ ਇਹੀ ਦੋਵੇਂ ਪੰਜਾਬ ਦੀ ਕਿਸਾਨੀ ਸੋਚ ਤੇ ਸ਼ਾਂਤੀ ਅਮਨ ਦੇ ਵਿਰੋਧੀ ਹਨ | ਜਿਨ੍ਹਾਂ ਨੂੰ ਫਿਰ ਨੁਕਰੇ ਲਾ ਕੇ ਕੈਪਟਨ ਸਰਕਾਰ ਫਿਰ ਦੁਬਾਰਾ ਜਿੱਤ ਪ੍ਰਾਪਤ ਕਰੇਗੀ |
ਫ਼ੋਟੋ: ਸੰਤੋਖ ਸਿੰਘ