
160 ਰੁਪਏ ਲੀਟਰ ਪਹੁੰਚੇ
ਇਸਲਾਮਾਬਾਦ, 17 ਫ਼ਰਵਰੀ : ਕਰਜ਼ੇ ਦੇ ਬੋਝ ਹੇਠਾਂ ਦੱਬੇ ਪਾਕਿਸਤਾਨ ਦੀ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿਚ 12.03 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ ਵਿਚ 9.53 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਲਾਈਟ ਡੀਜ਼ਲ ਦੀ ਕੀਮਤ ਵਿਚ 9.43 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵੀ 10.08 ਰੁਪਏ ਪ੍ਰਤੀ ਲੀਟਰ ਵਧਾ ਦਿਤੇ ਗਏ ਹਨ। ਪੈਟਰੋਲੀਅਮ ਪ੍ਰੋਡਕਟਸ ਦੀਆਂ ਕੀਮਤਾਂ ਵਿਚ ਨਵੇਂ ਵਾਧੇ ਤੋਂ ਬਾਅਦ ਪਾਕਿਸਤਾਨ ਵਿਚ ਪੈਟਰੋਲ ਦੀਆਂ ਕੀਮਤਾਂ 160 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 144.62 ਰੁਪਏ ਤੋਂ ਵਧਾ ਕੇ 154.15 ਰੁਪਏ ਪ੍ਰਤੀ ਲੀਟਰ ਕਰ ਦਿਤੀ ਗਈ ਹੈ।
ਇਸ ਤੋਂ ਇਲਾਵਾ ਲਾਈਟ ਡੀਜ਼ਲ ਆਇਲ ਦੇ ਭਾਅ 114.54 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 123.97 ਰੁਪਏ ਕਰ ਦਿਤੇ ਗਏ ਹਨ। ਮਿੱਟੀ ਦੇ ਤੇਲ ਦੀਆਂ ਕੀਮਤਾਂ 116.48 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 126.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇੰਨਾ ਹੀ ਨਹੀਂ, ਹਵਾਈ ਜਹਾਜ਼ ਵਿਚ ਵਰਤੇ ਜਾਣ ਵਾਲੇ ਜੈੱਟ ਫ਼ਿਊਲ ਦੇ ਭਾਅ ਵਿਚ ਵੀ 11 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਤੋਂ ਬਾਅਦ ਇਸਦੇ ਭਾਅ 140.65 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਇਸ ਤੋਂ ਇਲਾਵਾ ਜੈੱਟ ਫ਼ਿਊਲ (ਐਥਨਾਲ ਪੈਟਰੋਲ) ਦੇ ਭਾਅ ਵਿਚ ਵੀ 10 ਰੁਪਏ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸਦੀ ਕੀਮਤ 157.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਆਲ ਪਾਕਿਸਤਾਨ ਪੈਟਰੋਲੀਅਮ ਟਰਾਂਸਪੋਰਟਰਾਂ ਨੇ ਧਮਕੀ ਦਿਤੀ ਹੈ ਕਿ ਜੇਕਰ ਸਰਕਾਰ ਨੇ ਟਰਾਂਸਪੋਰਟ ਦੇ ਕਿਰਾਏ ਵਿਚ ਵਾਧਾ ਨਹੀਂ ਕੀਤਾ ਤਾਂ ਉਹ ਅਣਮਿੱਥੇ ਵਿਰੋਧ ਪ੍ਰਦਰਸ਼ਨ ਕਰਨਗੇ ਕਿਉਂਕਿ 2011 ਤੋਂ ਕਿਰਾਏ ’ਚ ਕੋਈ ਤਬਦੀਲੀ ਨਹੀਂ ਹੋਈ ਹੈ। ਉਨ੍ਹਾਂ ਨੇ ਦੇਸ਼ ਭਰ ਵਿਚ ਈਂਧਨ ਦੀ ਸਪਲਾਈ ਵਿਚ ਕਟੌਤੀ ਦੀ ਚਿਤਾਵਨੀ ਦਿਤੀ ਹੈ। ਆਇਲ ਟੈਂਕਰ ਆਨਰਸ ਐਸੋਸੀਏਸ਼ਨ ਦੇ ਬੁਲਾਰੇ ਇਸਰਾਰ ਅਹਿਮਦ ਸ਼ਿਨਵਾਰੀ ਨੇ ਕਿਹਾ ਕਿ ਜੇਕਰ ਵਿਰੋਧ ਦੇ ਇਕ ਹਫ਼ਤੇ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆ ਗਈਆਂ ਤਾਂ ਉਹ ਚੱਕਾ ਜਾਮ ਹੜਤਾਲ ਦਾ ਸੱਦਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ 40,000 ਮੈਂਬਰ ਵਿਰੋਧ ਦਾ ਹਿੱਸਾ ਹਨ। (ਏਜੰਸੀ)