
ਬਾਗੀ ਹੋਣ ਵਾਲੇ ਕਾਂਗਰਸੀ ਲੀਡਰਾਂ ਖ਼ਿਲਾਫ਼ ਹਾਈਕਮਾਨ ਦੀ ਵੱਡੀ ਕਾਰਵਾਈ
ਚੰਡੀਗੜ੍ਹ: ਕਾਂਗਰਸ ਪਾਰਟੀ ਹੁਣ ਵਿਧਾਨ ਸਭਾ ਚੋਣਾਂ ਵਿੱਚ ਬਾਗੀ ਹੋਣ ਵਾਲੇ ਕਾਂਗਰਸੀ ਲੀਡਰਾਂ ਖ਼ਿਲਾਫ਼ ਕਾਰਵਾਈ ਕਰਕੇ ਪਾਰਟੀ ਤੋਂ ਬਾਹਰ ਕੱਢ ਰਹੀ ਹੈ। ਕਾਂਗਰਸ ਪਾਰਟੀ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਬਾਗ਼ੀ ਹੋ ਕੇ ਚੋਣ ਲੜਨ ਵਾਲੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ। 5 ਫਰਵਰੀ ਨੂੰ ਉਹਨਾਂ ਨੂੰ ਪਾਰਟੀ ਚੋਂ ਕੱਢਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ।
PHOTO
ਹਰਮਿੰਦਰ ਜੱਸੀ ਸੌਦਾ ਸਾਧ ਦੇ ਕੁੜਮ ਹਨ। ਚਰਚਾਵਾਂ ਹਨ ਕਿ ਸੌਦਾ ਸਾਧ ਦੇ ਸਿਆਸੀ ਵਿੰਗ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ ਹੈ। ਜੱਸੀ ਨੇ ਲਗਾਤਾਰ 3 ਵਾਰ ਵਿਧਾਨ ਸਭਾ ਚੋਣ ਹਾਰੀ। 2012 ਦੀਆਂ ਚੋਣਾਂ ਵਿੱਚ ਬਠਿੰਡਾ ਵਿਧਾਨ ਸਭਾ ਸੀਟ ਤੋਂ ਹਰਮਿੰਦਰ ਸਿੰਘ ਜੱਸੀ ਅਕਾਲੀ ਉਮੀਦਵਾਰ ਸਰੂਪ ਚੰਦਰ ਸਿੰਗਲਾ ਤੋਂ 6445 ਵੋਟਾਂ ਨਾਲ ਹਾਰ ਗਏ ਸਨ।
HARMINDER SINGH JASSI
2014 ਵਿਚ ਜਦੋਂ ਤਲਵੰਡੀ ਸਾਬੋ ਸੀਟ 'ਤੇ ਉਪ ਚੋਣ ਹੋਈ ਤਾਂ ਕਾਂਗਰਸ ਨੇ ਜੱਸੀ ਨੂੰ ਟਿਕਟ ਦਿੱਤੀ ਪਰ ਉਦੋਂ ਵੀ ਜੱਸੀ ਹਾਰ ਗਏ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੀ ਮੌੜ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ, ਜੱਸੀ ਇਸ ਚੋਣ ਵਿੱਚ ਵੀ ਹਾਰ ਗਏ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਕੇਵਲ ਢਿੱਲੋਂ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ ਅਤੇ ਤਰਸੇਮ ਸਿੰਘ ਡੀਸੀ ਨੂੰ ਪੱਤਰ ਜਾਰੀ ਕਰ ਕੇ ਕਾਂਗਰਸ ਨੇ ਬਾਹਰ ਦਾ ਰਸਤਾ ਦਿਖਾਇਆ ਸੀ।