
ਇਕ ਹੋਰ ਕੇਸ ’ਚ ਪੇਸ਼ੀ ਲਈ ਪੰਜਾਬ ਲਿਆਈ ਸੀ ਗੁਜਰਾਤ ਪੁਲਿਸ, ਵਾਪਸ ਲਿਜਾਂਦੇ ਸਮੇਂ ਹੋਇਆ ਫ਼ਰਾਰ
ਭੁਜ: ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ 2021 ’ਚ 2,988 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਮਾਮਲੇ ’ਚ ਇਕ ਮੁਲਜ਼ਮ ਪੰਜਾਬ ’ਚ ਗੁਜਰਾਤ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਿਆ। ਉਸ ਨੂੰ ਇਕ ਹੋਰ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਣ ਲਈ ਪੰਜਾਬ ਲਿਜਾਇਆ ਗਿਆ ਸੀ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਕੱਛ (ਪਛਮੀ) ਦੇ ਪੁਲਿਸ ਸੁਪਰਡੈਂਟ ਮਹਿੰਦਰ ਬਾਗੜੀਆ ਨੇ ਦਸਿਆ ਕਿ ਜੋਬਨਜੀਤ ਸਿੰਘ ਸੰਧੂ ਨੂੰ ਇਕ ਹੋਰ ਮਾਮਲੇ ਵਿਚ ਅੰਮ੍ਰਿਤਸਰ ਦੀ ਅਦਾਲਤ ਵਿਚ ਸੁਣਵਾਈ ਲਈ ਕੱਛ ਦੀ ਭੁਜ ਜੇਲ੍ਹ ਤੋਂ ਪੰਜਾਬ ਲਿਜਾਇਆ ਗਿਆ। ਪੁਲਿਸ ਨੇ ਦਸਿਆ ਕਿ ਉਹ ਸਨਿਚਰਵਾਰ ਨੂੰ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ। ਅਧਿਕਾਰੀ ਨੇ ਦਸਿਆ ਕਿ ਉਸ ਨੂੰ ਅੰਮ੍ਰਿਤਸਰ ਤੋਂ ਵਾਪਸ ਲਿਆਂਦਾ ਜਾ ਰਿਹਾ ਸੀ ਜਦੋਂ ਉਹ ਗੁਜਰਾਤ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਿਆ।
ਗੁਜਰਾਤ ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਥਾਣੇ ਵਿਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਅੰਮ੍ਰਿਤਸਰ ਪੁਲਿਸ ਇਸ ਮਾਮਲੇ ਵਿਚ ਹੁਣ ਤਕ 4 ਲੋਕਾਂ ਨੂੰ ਹਿਰਾਸਤ ਵਿਚ ਵੀ ਲੈ ਚੁੱਕੀ ਹੈ। ਇਹ ਜਾਣਕਾਰੀ ਦਿੰਦੇ ਹੋਏ ਕੱਛ (ਪੱਛਮੀ) ਦੇ ਐਸਪੀ ਮਹਿੰਦਰ ਬਗਾੜੀਆ ਨੇ ਦਸਿਆ ਕਿ ਕਿਸੇ ਦੂਸਰੇ ਮਾਮਲੇ ਦੇ ਵਿਚ ਜੋਬਨਜੀਤ ਸਿੰਘ ਨੂੰ ਭੁਜ ਦੀ ਜੇਲ ਤੋਂ ਅੰਮ੍ਰਿਤਸਰ ਅਦਾਲਤ ਲਿਆਂਦਾ ਗਿਆ ਸੀ।
ਉਨ੍ਹਾਂ ਦਸਿਆ ਕਿ ਜਦ ਵਾਪਸੀ ਦੇ ਸਮੇਂ ਜੰਡਿਆਲਾ ਗੁਰੂ ਦੇ ਵਿਚ ਉਹ ਖਾਣਾ ਖਾਣ ਲਈ ਰੁਕੇ ਤਾਂ ਜੋਬਨਜੀਤ ਉਨ੍ਹਾਂ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ ਜਿਸ ਦੀ ਸ਼ਿਕਾਇਤ ਜੰਡਿਆਲਾ ਗੁਰੂ ਥਾਣੇ ਦਰਜ ਕਰਵਾ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਜਦ ਇਹ ਘਟਨਾ ਵਾਪਰੀ ਤਾਂ ਉਸ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਵਾਪਸ ਲਿਆਂਦਾ ਜਾ ਰਿਹਾ ਸੀ ਅਤੇ ਗੁਜਰਾਤ ਪੁਲਿਸ ਦੇ ਜਵਾਨ ਵੀ ਉਸ ਦੇ ਨਾਲ ਮੌਜੂਦ ਸਨ।।
ਸਥਾਨਕ ਪੁਲਿਸ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ ਅਤੇ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਸਤੰਬਰ 2021 ’ਚ ਕੱਛ ਦੇ ਮੁੰਦਰਾ ਬੰਦਰਗਾਹ ਤੋਂ ਲਗਭਗ 2,988 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ, ਜਿਸ ਦੀ ਕੀਮਤ ਲਗਭਗ 21,000 ਕਰੋੜ ਰੁਪਏ ਸੀ। ਇਹ ਖੇਪ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ’ਚ ਰਜਿਸਟਰਡ ਇਕ ਵਪਾਰਕ ਕੰਪਨੀ ਦੇ ਨਾਮ ’ਤੇ ਲਿਆਂਦੀ ਗਈ ਸੀ। ਦਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ’ਚ ਤਿਆਰ ਕੀਤੀ ਗਈ ਹੈਰੋਇਨ ਨੂੰ ਈਰਾਨ ਦੇ ਬੰਦਰ ਅੱਬਾਸ ਬੰਦਰਗਾਹ ਰਾਹੀਂ ਮੁੰਦਰਾ ਬੰਦਰਗਾਹ ਲਿਆਂਦਾ ਗਿਆ ਸੀ।