
ਅਨਾਜ ਦੀ ਚੰਗੀ ਪੈਦਾਵਾਰ ਲਈ ਪੰਜਾਬ ਨੂੰ ਮਿਲਿਆ 'ਕ੍ਰਿਸ਼ੀ ਕਰਮਨ' ਐਵਾਰਡ
ਚੰਡੀਗੜ੍ਹ : ਪੰਜਾਬ ਨੇ ਖੇਤੀਬਾੜੀ ਖੇਤਰ ਵਿਚ ਵੱਡਾ ਮਾਅਰਕਾ ਮਾਰਿਆ ਹੈ। ਪੰਜਾਬ ਨੂੰ ਦੇਸ਼ ਵਿਚ ਅਨਾਜ ਦੀ ਪੈਦਾਵਾਰ ਵਿਚ ਵਾਧਾ ਕਰਨ ਲਈ ਸਾਲ 2015-16 ਦਾ 'ਕ੍ਰਿਸ਼ੀ ਕਰਮਨ' ਐਵਾਰਡ ਹਾਸਲ ਹੋਇਆ ਹੈ ਜੋ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਹੈ। ਇਹ ਐਵਾਰਡ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਇਕ ਸ਼ਾਨਦਾਰ ਸਮਾਗਮ ਦੌਰਾਨ ਹਾਸਲ ਕੀਤਾ।
Punjab receives Krishi Karman Award
ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਅੰਨ ਪੈਦਾਵਾਰ ਵਧਾਉਣ ਦੇ ਖੇਤਰ ਵਿਚ ਹਰ ਵਰ੍ਹੇ ਦਿਤੇ ਜਾਂਦੇ 'ਕ੍ਰਿਸ਼ੀ ਕਰਮਨ' ਐਵਾਰਡ ਪ੍ਰਾਪਤ ਕਰਨ ਵਾਲੇ ਸੂਬੇ ਨੂੰ ਦੋ ਕਰੋੜ ਰੁਪਏ ਦੀ ਰਾਸ਼ੀ ਦੇ ਨਾਲ-ਨਾਲ ਇੱਕ ਯਾਦਗਾਰੀ ਤਖ਼ਤੀ ਅਤੇ ਤਾਮਰ ਪੱਤਰ ਵੀ ਦਿੱਤਾ ਜਾਂਦਾ ਹੈ। ਇਹ ਐਵਾਰਡ ਅਨਾਜ ਪੈਦਾਵਾਰ ਵਿਚ ਸਮੁੱਚੀ ਕਾਰਗੁਜ਼ਾਰੀ ਦੇ ਨਾਲ-ਨਾਲ ਕਣਕ, ਚੌਲ, ਦਾਲਾਂ ਅਤੇ ਮੋਟੇ ਅਨਾਜ ਦੀ ਪੈਦਾਵਾਰ ਵਿਚ ਮੋਹਰੀ ਰਹਿਣ ਵਾਲੇ ਸੂਬਿਆਂ ਨੂੰ ਵੀ ਦਿਤਾ ਜਾਂਦਾ ਹੈ।
Punjab receives Krishi Karman Award
ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸੂਬੇ ਦੇ ਕਿਸਾਨਾਂ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਹੀ ਪੰਜਾਬ ਨੂੰ ਸਦਾ ਹੀ ਮੁਲਕ ਦਾ ਅੰਨ ਭੰਡਾਰ ਹੋਣ ਦਾ ਮਾਣ ਮਿਲਦਾ ਰਿਹਾ ਹੈ।