
ਵਿਦਿਆਰਥੀਆਂ ਵੱਲੋਂ ਕਾਲਜ ਪ੍ਰਬੰਧਕ ਅਤੇ ਸਰਕਾਰ ਖਿਲਾਫ਼਼ ਜੰਮ ਕੇ ਕੀਤੀ ਗਈ ਨਾਅਰੇਬਾਜ਼ੀ
ਮਾਨਸਾ: ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਐਸਸੀ ਵਿਦਿਆਰਥੀਆਂ ਦੇ ਖਾਤਿਆਂ ਵਿਚ 1 ਸਾਲ ਦਾ ਵਜ਼ੀਫ਼ਾ ਰਾਸ਼ੀ ਪਾਏ ਜਾਣ ਨੂੰ ਲੈ ਕੇ ਕਾਲਜ ਪ੍ਰਬੰਧਕ ਅਤੇ ਵਿਦਿਆਰਥੀ ਆਹਮਣੋ ਸਾਹਮਣੇ ਦਿਖਾਈ ਦੇ ਰਹੇ ਹਨ। ਇਕ ਪਾਸੇ ਜਿੱਥੇ ਕਾਲਜ ਪ੍ਰਬੰਧਕ ਵਿਦਿਆਰਥੀਆਂ ਤੋਂ ਖਾਤੇ ਵਿਚ ਆਈ ਰਾਸ਼ੀ ਨੂੰ ਕਾਲਜ ਵਿਚ ਜਮ੍ਹਾਂ ਕਰਵਾਉਣ ਦੀ ਮੰਗ ਕਰ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਵਿਦਿਆਰਥੀ ਅਪਣੇ ਪਿਛਲੇ ਚਾਰ ਸਾਲਾਂ ਦੇ ਬਕਾਇਆ ਵਜ਼ੀਫ਼ੇ ਦੀ ਮੰਗ ਕਰ ਰਹੇ ਹਨ।
Students protest
ਇਸ ਮੰਗ ਦੇ ਚਲਦਿਆਂ ਅੱਜ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਮਜ਼ਦੂਰ ਮੁਕਤੀ ਮੋਰਚਾ ਦੇ ਸਹਿਯੋਗ ਨਾਲ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾਇਆ ਗਿਆ। ਇਸ ਦੌਰਾਨ ਭਾਰੀ ਗਿਣਤੀ ਵਿਚ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਬੰਧਕ ਅਤੇ ਸਰਕਾਰ ਖਿਲਾਫ਼਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
Students protest
ਇਸ ਮੌਕੇ ਆਗੂਆਂ ਦਾ ਕਹਿਣਾ ਹੈ ਕਿ ਐਸਸੀ ਵਿਦਿਆਰਥੀਆਂ ਦਾ ਵਜ਼ੀਫ਼ਾ ਚਾਰ ਸਾਲ ਦਾ ਬਕਾਇਆ ਹੈ ਅਤੇ ਸਰਕਾਰ ਵੱਲੋਂ ਇਕ ਸਾਲ ਦਾ ਵਜ਼ੀਫ਼ਾ ਵਿਦਿਆਰਥੀਆਂ ਦੇ ਖਾਤੇ ਵਿਚ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਕਾਲਜ ਇਸ ਵਜ਼ੀਫ਼ੇ ਨੂੰ ਜਬਰੀ ਵਿਦਿਆਰਥੀਆਂ ਤੋਂ ਵਸੂਲਣਾ ਚਾਹੁੰਦੇ ਹਨ ਜਿਸ ਕਾਰਨ ਕਾਲਜ ਪ੍ਰਬੰਧਕ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਅਤੇ ਖੱਜਲ ਖੁਆਰ ਕਰ ਰਹੇ ਹਨ।
Students protest
ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਸਰਕਾਰ ਵਿਦਿਆਰਥੀਆਂ ਦਾ ਪਿਛਲਾ ਸਾਰਾ ਵਜ਼ੀਫਾ ਜਾਰੀ ਕਰੇ। ਦੱਸ ਦਈਏ ਕਿ ਵਜੀਫਿਆਂ ਦੇ ਮੁੱਦੇ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਐਸਸੀ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।