
36 ਡਿਗਰੀ ਤਕ ਜਾ ਸਕਦੈ ਤਾਪਮਾਨ
ਚੰਡੀਗੜ੍ਹ (ਪ.ਪ.): ਮਾਰਚ ’ਚ ਸ਼ਹਿਰਵਾਸੀਆਂ ਨੂੰ ਗਰਮੀ ਤੋਂ ਨਿਜ਼ਾਤ ਨਹੀਂ ਮਿਲੇਗੀ। ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਮਾਰਚ ’ਚ ਆਮ ਤੌਰ ’ਤੇ ਪੱਛਮੀ ਪੌਣਾਂ ਐਕਟਿਵ ਹੁੰਦੀਆਂ ਸਨ। ਕਈ ਸਾਲ ਤੋਂ ਇਹੀ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਸੀ, ਪਰ ਇਸ ਵਾਰ ਮਾਰਚ ’ਚ ਅਜੇ ਤਕ ਐਕਟਿਵ ਹੋਈਆਂ ਪੱਛਮੀ ਪੌਣਾਂ ਦਾ ਅਸਰ ਸਿਰਫ ਉਪਰੀ ਇਲਾਕਿਆਂ ’ਚ ਹੋਇਆ ਹੈ। ਮੈਦਾਨੀ ਇਲਾਕਿਆਂ ’ਤੇ ਪੱਛਮੀ ਪੌਣਾਂ ਦਾ ਕੋਈ ਅਸਰ ਨਹੀਂ ਹੋਇਆ ਅਤੇ ਇਹੀ ਕਾਰਣ ਹੈ ਕਿ ਗਰਮੀ ਨੇ ਸਮੇਂ ਤੋਂ ਪਹਿਲਾਂ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
Temperature
ਉਨ੍ਹਾਂ ਦਾ ਕਹਿਣਾ ਹੈ ਕਿ ਮਾਰਚ ਦੇ ਆਉਣ ਵਾਲੇ ਦਿਨਾਂ ’ਚ ਪੱਛਮੀ ਪੌਣਾਂ ਐਕਟਿਵ ਤਾਂ ਹੋਣਗੀਆਂ ਪਰ ਉਸ ਦਾ ਮੈਦਾਨੀ ਇਲਾਕਿਆਂ ’ਤੇ ਅਸਰ ਨਹੀਂ ਹੋਵੇਗਾ। ਉੱਥੇ ਹੀ ਤਾਪਮਾਨ ’ਚ ਵੀ ਲਗਭਗ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋਵੇਗਾ। ਗਰਮੀ ਅਜੇ ਤੋਂ ਸ਼ਹਿਰ ’ਚ ਆਪਣਾ ਪ੍ਰਕੋਪ ਦਿਖਾਉਣ ਲੱਗੀ ਹੈ। ਜੇਕਰ ਟ੍ਰਾਈਸਿਟੀ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ ਪਿਛਲੇ ਇਕ ਹਫ਼ਤੇ ਤੋਂ 30 ਡਿਗਰੀ ਜਾਂ ਇਸ ਤੋਂ ਉਪਰ ਹੀ ਰਹਿ ਰਿਹਾ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਚਾਰ ਡਿਗਰੀ ਦੇ ਵਾਧੇ ਨਾਲ 32.9 ਡਿਗਰੀ ਅਤੇ ਘੱਟ ਤੋਂ ਘੱਟ 6 ਡਿਗਰੀ ਦੇ ਵਾਧੇ ਨਾਲ 19.2 ਡਿਗਰੀ ਦਰਜ ਕੀਤਾ ਗਿਆ।
Summer Temperature
ਵਿਭਾਗ ਦੇ ਅਨੁਸਾਰ 17 ਮਾਰਚ ਦੇਰ ਰਾਤ ਤੋਂ ਪੱਛਮੀ ਪੌਣਾਂ ਐਕਟਿਵ ਹੋਈਆਂ ਹਨ। ਪਰ ਇਸ ਦਾ ਅਸਰ ਪੱਛਮੀ ਹਿਮਾਲਿਆ ਖੇਤਰ ’ਤੇ ਹੀ ਪਵੇਗਾ। ਹਾਲਾਂਕਿ ਇਸ ਦਰਮਿਆਨ ਸ਼ਹਿਰ ’ਚ ਵੀ ਬੱਦਲ ਛਾਏ ਰਹਿ ਸਕਦੇ ਹਨ ਪਰ ਬਾਰਿਸ਼ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਵਿਭਾਗ ਦੀ ਮੰਨੀਏ ਤਾਂ ਮੀਂਹ ਨਾ ਪੈਣ ਕਾਰਨ ਇਸ ਸਾਲ ਮਾਰਚ ’ਚ ਪਿਛਲੇ ਸਾਲ ਦੇ ਮੁਕਾਬਲੇ ਖ਼ੁਸ਼ਕ ਹਵਾਵਾਂ ਚੱਲ ਰਹੀਆਂ ਹਨ ਜਿਸ ਨਾਲ ਗਰਮੀ ਹੋਰ ਜ਼ਿਆਦਾ ਵਧੇਗੀ।
Hot Temperature