
ਰੂਪਨਗਰ ਪੁਲਿਸ ਨੇ ਨਾਗਪੁਰ ਤੋਂ ਕਾਬੂ ਕੀਤਾ ਮੁਲਜ਼ਮ ਦੀਪਕ
Punjab News: ਪੰਜਾਬ ਪੁਲਿਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਕਰਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਰੋਪੜ ਪੁਲਿਸ ਨੇ ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਦੀ ਪਛਾਣ ਦੀਪਕ ਸ਼੍ਰੀਸੰਤ ਕਾਬਲੇ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ। ਉਸ ਨੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ। ਉਹ ਕਈ ਹੋਟਲਾਂ ਵਿਚ ਸ਼ੈੱਫ ਵਜੋਂ ਵੀ ਕੰਮ ਕਰ ਚੁੱਕਾ ਹੈ। ਇਨ੍ਹੀਂ ਦਿਨੀਂ ਉਹ ਸਟਾਕ ਮਾਰਕੀਟ ਵਿਚ ਕੰਮ ਕਰ ਰਿਹਾ ਸੀ। ਉਸ ਨੇ ਇਹ ਕਾਲ ਕੁੱਝ ਪੈਸਿਆਂ ਲਈ ਕੀਤੀ ਸੀ। ਇਹ ਜਾਣਕਾਰੀ ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦਿਤੀ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੇਸ਼ੇ ਤੋਂ ਅਪਰਾਧੀ ਨਹੀਂ ਹੈ। ਉਸ ਨੇ ਸੌਖੇ ਪੈਸੇ ਕਮਾਉਣ ਲਈ ਇਹ ਰਾਹ ਚੁਣਿਆ ਸੀ। ਉਸ ਦੇ ਮਾਪੇ ਦੁਨੀਆਂ ਵਿਚ ਨਹੀਂ ਹਨ। ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਬਹੁਤ ਸੁਣਿਆ ਸੀ। ਅਜਿਹੇ 'ਚ ਉਸ ਦੇ ਨਾਂਅ ’ਤੇ ਚਰਨਜੀਤ ਸਿੰਘ ਚੰਨੀ ਨੂੰ ਫੋਨ ਕੀਤਾ ਗਿਆ।
ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਫਿਲਹਾਲ ਮੁਲਜ਼ਮ ਦਾ ਕਹਿਣਾ ਹੈ ਕਿ ਉਹ ਇਕੱਲਾ ਹੀ ਇਸ ਕੰਮ ਵਿਚ ਲੱਗਾ ਹੋਇਆ ਸੀ। ਹਾਲਾਂਕਿ ਪੁਲਿਸ ਨੂੰ ਸ਼ੱਕ ਹੈ ਕਿ ਇਹ ਗਿਰੋਹ ਵੱਡਾ ਹੋ ਸਕਦਾ ਹੈ। ਅਜਿਹੇ ਵਿਚ ਪੁਲਿਸ ਨੇ ਮੁਲਜ਼ਮ ਦਾ ਤਿੰਨ ਦਿਨ ਦਾ ਰਿਮਾਂਡ ਲਿਆ ਹੈ। ਪੁਲਿਸ ਹੁਣ ਸਾਰੀ ਜਾਂਚ ਕਰੇਗੀ। ਉਮੀਦ ਹੈ ਕਿ ਕੁੱਝ ਹੋਰ ਮਾਮਲੇ ਵੀ ਹੱਲ ਹੋ ਜਾਣਗੇ।
ਪੁਲਿਸ ਨੇ ਹੁਣ ਤਕ ਮੁਲਜ਼ਮਾਂ ਕੋਲੋਂ ਇਕ ਲੈਪਟਾਪ ਅਤੇ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਹੈ। ਪੁਲਿਸ ਨੇ ਇਸ ਸਬੰਧੀ 2 ਮਾਰਚ ਨੂੰ ਕੇਸ ਦਰਜ ਕੀਤਾ ਸੀ। ਜਦੋਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਇਕ ਜਨਤਕ ਮੀਟਿੰਗ ਵਿਚ ਕਿਹਾ ਸੀ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੈ। ਉਨ੍ਹਾਂ ਨੂੰ ਫਿਰੌਤੀ ਦੀਆਂ ਕਾਲਾਂ ਵੀ ਆਈਆਂ ਹਨ। ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਬਾਰੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਹੈ।
(For more Punjabi news apart from man Arrested for demanding Rs 2 crore ransom from former CM Charanjit Channi, stay tuned to Rozana Spokesman)