
ਬਿਜਨੈਸ ਸਲਾਹਕਾਰ ਕਮੇਟੀ ਦੀ ਬੈਠਕ 21 ਮਾਰਚ ਨੂੰ, ਰਾਜਪਾਲ ਦੇ ਭਾਸ਼ਣ ਅਤੇ ਬਜਟ ’ਤੇ ਬਹਿਸ ਲਈ ਕੁਲ 2 ਬੈਠਕਾਂ
Budget session of Punjab Vidhan Sabha: ਇਸ ਮਹੀਨੇ ਦੀ 21 ਤਰੀਕ ਯਾਨੀ ਅੱਜ ਤੋਂ ਤਿੰਨ ਦਿਨ ਬਾਅਦ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੀਆਂ ਕੁਲ 6 ਬੈਠਕਾਂ ਹੋਣਗੀਆਂ। ਰੋਜ਼ਾਨਾ ਸਪੋਕਸਮੈਨ ਨਾਲ ਅੱਜ ਵਿਧਾਨ ਸਭਾ ਸਕੱਤਰੇਤ ਵਿਚ ਵਿਸ਼ੇਸ਼ ਗੱਲਬਾਤ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਸਿਆ ਕਿ ਪਹਿਲੇ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਭਾਸ਼ਣ ਹੋਵੇਗਾ ਅਤੇ ਘੰਟੇ ਭਰ ਦੀ ਬਰੇਕ ਬਾਅਦ 2 ਵਜੇ ਦੀ ਪਹਿਲੀ ਬੈਠਕ ਵਿਚ ਪਿਛਲੇ ਮਹੀਨੇ ਖ਼ਤਮ ਹੋਏ ਇਜਲਾਸ ਤੋਂ ਬਾਅਦ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਜਾਣਗੀਆਂ।
ਸੰਧਵਾਂ ਨੇ ਦਸਿਆ ਕਿ 2 ਦਿਨ ਸਨਿਚਰਵਾਰ ਅਤੇ ਐਤਵਾਰ ਨੂੰ ਛੁੱਟੀਆਂ ਮਗਰੋਂ ਸੋਮਵਾਰ ਤੋਂ ਰਾਜਪਾਲ ਦੇ ਭਾਸ਼ਣ ਬਾਰੇ ਧਨਵਾਦ ਦੇ ਮਤੇ ’ਤੇ ਬਹਿਸ ਹੋਵੇਗੀ ਅਤੇ ਸਾਲ 2025-26 ਦਾ ਸਾਲਾਨਾ ਬਜਟ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 26 ਮਾਰਚ ਨੂੰ ਸਦਨ ਵਿਚ ਪੇਸ਼ ਕਰਨਗੇ। ਇਨ੍ਹਾਂ ਬਜਟ ਪ੍ਰਸਤਾਵਾਂ ’ਤੇ ਬਹਿਸ ਲਈ ਕੇਵਲ ਇਕ ਦਿਨ ਰਖਿਆ ਗਿਆ ਹੈ।
ਸਪੀਕਰ ਸੰਧਵਾਂ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਦੇ ਇਜਲਾਸ ਵਾਸਤੇ ਬੈਠਕਾਂ ਵਧਾਉਣ ਜਾਂ ਪ੍ਰੋਗਰਾਮ ਵਿਚ ਕੋਈ ਅਦਲਾ ਬਦਲੀ ਲਈ ਬਿਜਨੈਸ ਸਲਾਹਕਾਰ ਕਮੇਟੀ ਦੀ ਮਹੱਤਵਪੂਰਨ ਬੈਠਕ ਵੀ ਪਹਿਲੇ ਦਿਨ 21 ਮਾਚਰ ਨੂੰ ਕੀਤੀ ਜਾਵੇਗੀ। ਇਸ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਖ਼ੁਦ ਸਪੀਕਰ ਸੰਧਵਾਂ ਹੀ ਕਰਨਗੇ।
ਜ਼ਿਕਰਯੋਗ ਹੈ ਕਿ ਬਿਜਨੈਸ ਸਲਾਹਕਾਰ ਕਮੇਟੀ ਵਿਚ ਸਪੀਕਰ ਤੋਂ ਇਲਾਵਾ 5 ਮੈਂਬਰ ਹੋਰ ਹੁੰਦੇ ਹਨ ਅਤੇ ਜਿਨ੍ਹਾਂ ਵਿਚ ਅੱਜਕਲ੍ਹ ਵਿੱਤ ਮੰਤਰੀ ਚੀਮਾ, ਸੀਨੀਅਰ ਮੰਤਰੀ ਅਤੇ ‘ਆਪ’ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਅਤੇ ਸੰਸਦੀ ਕਾਰਜ ਮੰਤਰੀ ਡਾ. ਰਵਜੋਤ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਵਿਰੋਧੀ ਧਿਰ ਦੇ ਵਿਧਾਨ ਸਭਾ ਵਿਚ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਬਤੌਰ ਸਪੈਸ਼ਲ ਇਨਵਾਈਟੀ, ਮਨਪ੍ਰੀਤ ਸਿੰਘ ਇਆਲੀ ਸ਼੍ਰੋਮਣੀ ਅਕਾਲੀ ਦਲ ਤੋਂ ਲਏ ਗਏ ਹਨ। ਇਹ ਪੁਛੇ ਜਾਣ ’ਤੇ ਕਿ ਮੌਜੂਦ ਸਮਿਆਂ ਵਿਚ ਵਿਧਾਨ ਸਭਾ ਦੀਆਂ ਬੈਠਕਾਂ, ਸਾਲਾਨਾ ਕੇਵਲ 10 ਤੋਂ 12 ਤਕ ਹੀ ਹੁੰਦੀਆਂ ਹਨ, ਲੋਕ ਹਿਤ ਮੁੱਦਿਆਂ ’ਤੇ ਚਰਚਾ ਘੱਟ ਹੀ ਹੁੰਦੀ ਹੈ, ਦੇ ਜਵਾਬ ਵਿਚ ਸ. ਸੰਧਵਾਂ ਨੇ ਕਿਹਾ ਕਿ ਸਰਕਾਰ ਨੇ ਜੇ ਵਾਧੂ ਬਿਜਨੈਸ ਦਿਤਾ ਤਾਂ ਇਜਲਾਸ ਵਧਾਇਆ ਵੀ ਜਾ ਸਕਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਤੇ ਪਿਰਤਾਂ ਮੁਤਾਬਕ ਵੀਰਵਾਰ ਗ਼ੈਰ ਸਰਕਾਰੀ ਕੰਮਕਾਜ ਦਾ ਹੁੰਦਾ ਹੈ, ਉਦੋਂ ਚਰਚਾ ਜਾਂ ਲੋਕ ਹਿਤ ਮਸਲੇ ਜਾਂ ਮਤੇ ਲਿਆਂਦੇ ਜਾ ਸਕਦੇ ਹਨ। ਸੰਧਵਾਂ ਨੇ ਇਹ ਵੀ ਕਿਹਾ ਕਿ ਪਿਛਲੇ ਇਜਲਾਸਾਂ ਦੀ ਤਰ੍ਹਾਂ ਇਸ ਸੈਸ਼ਨ ਦੀ ਕਾਰਵਾਈ ਵੀ ‘ਪੇਪਰਲੈੱਸ’ ਹੋਵੇਗੀ। ਨਾ ਤਾਂ ਰਾਜਪਾਲ ਦੀ ਭਾਸ਼ਣ, ਨਾ ਹੀ ਬਜਟ ਪ੍ਰਸਤਾਵਾਂ ਦੀ ਛਪੀ ਹੋਈ ਕਾਪੀ ਕਿਤਾਬ ਮੈਂਬਰਾਂ ਨੂੰ ਦਿਤੀ ਜਾਵੇਗੀ।