
Amritsar News : ਪੰਥਕ ਏਕਤਾ ਦੇ ਮੁੱਦੇ ਦੇ ਉੱਪਰ ਕਾਰਜਕਾਰੀ ਜਥੇਦਾਰ ਨਾਲ ਹੋਈ ਹੈ ਮੁਲਾਕਾਤ - ਗੁਰਪ੍ਰਤਾਪ ਸਿੰਘ ਵਡਾਲਾ
Amritsar News in Punjabi : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਿਆਰ ਕੀਤੀ ਗਈ 7 ਮੈਂਬਰੀ ਕਮੇਟੀ ’ਚੋਂ ਬਚੇ ਪੰਜ ਮੈਂਬਰਾਂ ਵੱਲੋਂ ਅੱਜ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਅਕਾਲੀ ਦਲ ਦੀ ਭਰਤੀ ਦੀ ਮੁਹਿੰਮ ਸ਼ੁਰੂ ਕੀਤੀ ਹੈ। ਦੂਜੇ ਪਾਸੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੜਗੱਜ ਜੀ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਮੁਲਾਕਾਤ ਦਾ ਸੱਦਾ ਭੇਜਿਆ ਗਿਆ ਸੀ। ਜਿਸ ’ਤੇ ਪੰਜ ਮੈਂਬਰੀ ਕਮੇਟੀ ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਕਤਰੇਤ ਵਿਖੇ ਜਾ ਕੇ ਸਿੰਘ ਸਾਹਿਬ ਗਿਆਨੀ ਗੁੜਗੱਜ ਜੀ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਮਨਪ੍ਰੀਤ ਸਿੰਘ ਇਆਲੀ ਨੇ ਦੱਸਿਆ ਕਿ ਪੰਥਕ ਏਕਤਾ ਦੇ ਮੁੱਦੇ ਉੱਪਰ ਅੱਜ ਦੀ ਇਸ ਮੀਟਿੰਗ ’ਚ ਵਿਚਾਰ ਕੀਤੇ ਗਏ ਹਨ ਅਤੇ ਅਕਾਲੀ ਦਲ ਨੂੰ ਕਿਸ ਤਰੀਕੇ ਮਜ਼ਬੂਤ ਕਰਨਾ ਉਸ ਬਾਰੇ ਗੱਲਬਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅੱਜ ਪੰਜ ਮੈਂਬਰੀ ਕਮੇਟੀ ਨੂੰ ਉਹਨਾਂ ਨੇ ਬੁਲਾਇਆ ਅਸੀਂ ਆਸ ਕਰਦੇ ਹਾਂ ਅਕਾਲੀ ਦਲ ਦੇ ਬਾਕੀ ਆਗੂਆਂ ਨੂੰ ਵੀ ਉਹ ਬੁਲਾ ਕੇ ਮੀਟਿੰਗ ਕਰ ਕੇ ਸਾਰੀ ਅਕਾਲੀ ਦਲ ਨੂੰ ਇੱਕਜੁੱਟ ਕਰਨ ’ਚ ਉਹ ਭੂਮਿਕਾ ਅਦਾ ਕਰਨਗੇ।
ਮਨਪ੍ਰੀਤ ਸਿੰਘ ਇਆਲੀ ਪੰਜ ਮੈਂਬਰੀ ਕਮੇਟੀ ਆਗੂ ਨੇ ਕਿਹਾ ਕਿ ਅੱਜ ਦੀ ਮੀਟਿੰਗ ’ਚ ਪੰਥਕ ਏਕਤਾ ’ਤੇ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਆਪਣੀ ਕੋਈ ਨਹੀਂ ਬਲਕਿ ਸੰਸਥਾਵਾਂ ਦੀ ਹੋਂਦ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਸਿੱਖਾਂ ਦੀਆਂ ਭਾਵਨਾਵਾਂ, ਪੰਥ ਦੀ ਮਰਿਆਦਾ ਅਨੁਸਾਰ ਕੰਮ ਹੋਵੇਗਾ ਤਾਂ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਉਹ ਵੱਖ ਇਸ ਲਈ ਤੁਰ ਰਹੇ ਹਨ ਕਿਉਂਕਿ ਅਸੀਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ।
(For more news apart from Five-member committee for Akali Dal recruitment meets acting Jathedar Akal Takht Sahib News in Punjabi, stay tuned to Rozana Spokesman)