
ਕੂੜਾ ਇਕੱਠਾ ਕਰ ਕੇ ਬੋਰੀ ’ਚ ਪਾਉਂਦੇ ਦੀਆਂ ਤਸਵੀਰਾਂ ਹੋਈਆਂ ਵਾਇਰਲ
Amritsar News: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿਚ ਯਾਤਰੀਆਂ ਵੱਲੋਂ ਸੁੱਟੇ ਕੂੜੇ ਨੂੰ ਚੁੱਕਣ ਦੀ ਸੇਵਾ ਵਿਦੇਸ਼ੀ ਗੋਰੇ ਵੀ ਕਰਨ ਲੱਗੇ ਹਨ। ਵਿਦੇਸ਼ਾਂ ਵਿਚ ਸਫ਼ਾਈ ਰੱਖਣ ਦੀ ਗੁੜਤੀ ਉਥੇ ਦੇ ਸਥਾਨਕ ਲੋਕਾਂ ਨੂੰ ਜਨਮ ਤੋਂ ਹੀ ਦਿੱਤੀ ਜਾਂਦੀ ਹੈ, ਤਾਂ ਜੋ ਗੰਦਗੀ ਤੋਂ ਫ਼ੈਲਣ ਨਾਲ ਬਿਮਾਰੀਆਂ ਅਤੇ ਬਦਬੂ ਤੋਂ ਬਚਿਆ ਜਾ ਸਕੇ।
ਵਿਦੇਸ਼ਾਂ ਤੋਂ ਗੁਰੂ ਨਗਰੀ ਆਉਂਣ ਵਾਲੇ ਯਾਤਰੀ ਜਿਥੇ ਗੁਰੂ ਘਰਾਂ ਵਿਚ ਸਫ਼ਾਈ, ਸੰਗਤਾਂ ਵੱਲੋਂ ਕੀਤੀ ਜਾਂਦੀ ਸੇਵਾ ਅਤੇ ਆਪਸੀ ਮਿਲਵਰਤਨ ਤੇ ਪਿਆਰ ਦੇਖ ਕੇ ਖ਼ੁਸ਼ ਹੁੰਦੇ ਹਨ, ਉਥੇ ਹੀ ਸੇਵਾ ਕਰ ਕੇ ਇਸ ਦਾ ਅਨੁਭਵ ਵੀ ਹਾਸਲ ਕਰਦੇ ਹਨ।
ਦੂਸਰੇ ਪਾਸੇ ਸ਼ਹਿਰ ਦੀਆਂ ਗਲੀਆਂ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਅਤੇ ਗਲਿਆਰੇ ਵਿਚ ਪਏ ਕੂੜੇ ਨੂੰ ਦੇਖ ਕੇ ਨੱਕ ਵੀ ਚੜ੍ਹਾਉਂਦੇ ਹਨ। ਸੋਮਵਾਰ ਨੂੰ ਸਵੇਰੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ਅਤੇ ਗਲਿਆਰੇ ਵਿਚ ਪਏ ਕੂੜੇ ਨੂੰ ਇਕ ਵਿਦੇਸ਼ੀ ਗੋਰਾ ਇਕ ਬੋਰੀ ਵਿਚ ਪਾਉਂਦਾ ਨਜ਼ਰ ਆਇਆ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।