
ਜਲੰਧਰ ਦਿਹਾਤੀ ਦੇ SSP ਗੁਰਮੀਤ ਸਿੰਘ ਖ਼ੁਦ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਸਨ।
Jalandhar Encounter News: ਐਤਵਾਰ ਤੜਕਸਾਰ ਜਲੰਧਰ ਦੇ ਰਾਏਪੁਰ-ਰਸੂਲਪੁਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਅੱਜ ਤੜਕਸਾਰ ਹੀ ਇਸ ਮਾਮਲੇ ਦੇ ਮੁਲਜ਼ਮ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਸੂਤਰਾਂ ਮੁਤਾਬਕ ਅੱਜ ਤੜਕਸਾਰ ਪੁਲਿਸ ਅਤੇ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ ਜਿਸ ਦੌਰਾਨ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ।
ਹਾਲਾਂਕਿ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਇਸ ਮਾਮਲੇ ਵਿਚ ਕੋਈ ਜਵਾਬ ਨਹੀਂ ਦੇ ਰਿਹਾ। ਜਲੰਧਰ ਦਿਹਾਤੀ ਦੇ SSP ਗੁਰਮੀਤ ਸਿੰਘ ਖ਼ੁਦ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਸਨ।
ਦੱਸ ਦਈਏ ਕਿ ਐਤਵਾਰ ਤੜਕਸਾਰ ਲੱਗਭਗ 3.30 ਵਜੇ ਪਿੰਡ ਰਾਏਪੁਰ-ਰਸੂਲਪੁਰ ਵਿਚ ਰਹਿਣ ਵਾਲੇ ਨਵਦੀਪ ਸਿੰਘ ਸੰਧੂ ਉਰਫ ਰੋਜਰ ਸੰਧੂ ਦੇ ਘਰ ’ਤੇ ਪਾਕਿਸਤਾਨੀ ਅਤਿਵਾਦੀ ਸ਼ਹਿਜ਼ਾਦ ਭੱਟੀ ਨੇ ਹਮਲਾ ਕਰਵਾਇਆ ਸੀ ਅਤੇ ਉਸ ਦੇ ਬਾਅਦ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਜਾਰੀ ਕੀਤੀ ਸੀ ਕਿ ਰੋਜਰ ਸੰਧੂ ਨੇ ਇਸਲਾਮ ਨੂੰ ਲੈ ਕੇ ਗ਼ਲਤ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਉਸ ਨੇ ਇਹ ਹਮਲਾ ਕਰਵਾਇਆ।
ਉਸ ਨੇ ਦਾਅਵਾ ਕੀਤਾ ਸੀ ਕਿ ਗਰਮਖਿਆਲੀ ਅਤਿਵਾਦੀ ਹੈਪੀ ਪਸੀਆ ਤੇ ਬਾਬਾ ਸਿਦੀਕੀ ਹੱਤਿਆਕਾਂਡ ਦੇ ਮਾਸਟਰਮਾਈਂਡ ਜੀਸ਼ਾਨ ਅਖ਼ਤਰ ਨੇ ਇਸ ਵਾਰਦਾਤ ਵਿਚ ਉਸ ਦਾ ਸਾਥ ਦਿੱਤਾ। ਅਤਿਵਾਦੀ ਸ਼ਹਿਜ਼ਾਦ ਭੱਟੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਯੂ-ਟਿਊਬਰ ਨਾ ਹਟਿਆ ਤਾਂ ਉਹ ਫਿਰ ਹਮਲੇ ਕਰਵਾਏਗਾ।
ਪੰਜਾਬ ਪੁਲਿਸ, BSF ਬੰਬ ਸਕੁਐਡ ਅਤੇ ਚੰਡੀਗੜ੍ਹ ਤੋਂ ਟੀਮਾਂ ਯੂ-ਟਿਊਬਰ ਰੋਜਰ ਸੰਧੂ ਦੇ ਘਰ ਪਹੁੰਚੀਆਂ ਸਨ ਤੇ ਲਗਭਗ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗ੍ਰਨੇਡ ਨੂੰ ਡੀਫਿਊਜ਼ ਕੀਤਾ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ। ਪੁਲਿਸ ਨੇ ਬੀਤੇ ਦਿਨੀਂ ਹੀ ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।