
ਜੰਗੀ ਯਾਦਗਾਰ ਤੇ ਅਜਾਇਬ ਘਰ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਅਜਾਇਬ ਘਰ ਨੂੰ ਮੁਕੰਮਲ ਕਰਨ ਲਈ ਬਜਟ ਵਿਚ ਪ੍ਰਵਾਨ ਕੀਤੀ ਜਾ ਚੁਕੀ 8 ਕਰੋੜ ਰੁਪਏ ਦੀ ਗ੍ਰਾਂਟ ਤੁਰਤ ਜਾਰੀ ਕਰਨ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਇਥੇ ਅਪਣੀ ਸਰਕਾਰੀ ਰਿਹਾਇਸ਼ 'ਤੇ ਜੰਗੀ ਯਾਦਗਾਰ ਤੇ ਅਜਾਇਬ ਘਰ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਨਿਰਦੇਸ਼ ਦਿਤੇ। ਇਸ ਉੱਚ ਦਰਜੇ ਦੀ ਯਾਦਗਾਰ ਦੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਯਾਦਗਾਰ ਦੀਆਂ ਗੈਲਰੀਆਂ ਨੂੰ ਵੱਖ-ਵੱਖ ਭਾਗਾਂ ਵਜੋਂ ਸਮਰਪਿਤ ਕੀਤਾ ਜਾਵੇ ਜੋ ਪੰਜਾਬੀਆਂ ਵਲੋਂ ਲੜੀਆਂ ਵੱਖ ਵੱਖ ਇਤਿਹਾਸਕ ਜੰਗਾਂ ਦੀ ਨੁਮਾਇੰਦਗੀ ਕਰਦੀਆਂ ਹੋਣ।
Captain Amarinder Singh
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਵਿੱਖ ਦੀਆਂ ਚੁਨੌਤੀਆਂ ਨਾਲ ਸਿੱਝਣ ਲਈ ਅਪਣੇ ਅਮੀਰ ਵਿਰਸੇ ਬਾਰੇ ਨੌਜਵਾਨਾਂ ਨੂੰ ਜਾਣੂੰ ਕਰਵਾਉਣਾ ਹੀ ਇਕੋ ਇਕ ਰਾਹ ਹੈ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਸਾਡੀ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਜਜ਼ਬੇ ਪ੍ਰਤੀ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਫ਼ੌਜੀ ਇਤਿਹਾਸਕਾਰ ਹੋਣ ਨਾਤੇ ਉਹ ਅਜਿਹੀਆਂ ਯਾਦਗਾਰਾਂ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਵਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਨੇ ਸੁਝਾਅ ਦਿਤਾ ਕਿ ਸੈਲਾਨੀਆਂ ਨੂੰ ਜੰਗੀ ਯਾਦਗਾਰ ਤੇ ਅਜਾਇਬ ਘਰ ਪ੍ਰਤੀ ਆਕਰਸ਼ਿਤ ਕਰਨ ਵਾਸਤੇ ਇਸ ਨੂੰ ਕੈਫ਼ੇਟੇਰੀਆ, ਸੋਵੀਨਰ ਸ਼ੌਪ, ਫ਼ੂਡ ਕੋਰਟ ਵਰਗੀਆਂ ਸਹੂਲਤਾਂ ਨਾਲ ਵਿਕਸਤ ਕਰਨਾ ਚਾਹੀਦਾ ਹੈ। ਮੀਟਿੰਗ ਵਿਚ ਰਵੀਨ ਠੁਕਰਾਲ, ਕਰਨ ਅਵਤਾਰ ਸਿੰਘ, ਤੇਜਵੀਰ ਸਿੰਘ, ਅਨਿਰੁੱਧ ਤਿਵਾੜੀ, ਵਿਕਾਸ ਪ੍ਰਤਾਪ ਵੀ ਹਾਜ਼ਰ ਸਨ।