
ਕੋਵਿਡ-19 ਦੀ ਮਹਾਮਾਰੀ ਉਤੇ ਕਾਬੂ ਪਾਉਣ ਲਈ ਪੂਰੇ ਮੁਲਕ ਦੀਆਂ ਰਾਜ ਸਰਕਾਰਾਂ ਵਿਚੋਂ ਸਭ ਤੋਂ ਤੇਜ਼ੀ ਨਾਲ ਸਖ਼ਤ ਫ਼ੈਸਲੇ ਲੈਣ ਵਾਲੀ ਕੈਪਟਨ ਅਮਰਿੰਦਰ
ਚੰਡੀਗੜ੍ਹ, 17 ਅਪ੍ਰੈਲ (ਸ.ਸ.ਸ) : ਕੋਵਿਡ-19 ਦੀ ਮਹਾਮਾਰੀ ਉਤੇ ਕਾਬੂ ਪਾਉਣ ਲਈ ਪੂਰੇ ਮੁਲਕ ਦੀਆਂ ਰਾਜ ਸਰਕਾਰਾਂ ਵਿਚੋਂ ਸਭ ਤੋਂ ਤੇਜ਼ੀ ਨਾਲ ਸਖ਼ਤ ਫ਼ੈਸਲੇ ਲੈਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਪਣੇ ਸਾਰੇ ਵਿਭਾਗਾਂ ਦੇ ਸਾਰੇ ਵਿੰਗਾਂ ਵਿਚ ਤਾਲਮੇਲ ਬਿਠਾ ਕੇ ਇਸ ਜੰਗ ਨੂੰ ਤੀਬਰ ਕੀਤਾ ਹੋਇਆ ਹੈ। ਇਸ ਜੰਗ ਵਿਚ ਲੱਗੇ ਸਾਰੇ ਵਿਭਾਗਾਂ ਵਿਚੋਂ ਫਰੰਟ ਲਾਈਨ (ਮੂਹਰਲੀ ਸਫ਼) ਵਿਚ ਆਉਂਦਾ ਸਿਹਤ ਵਿਭਾਗ ਜਿੱਥੇ ਇਕ ਪਾਸੇ ਕੋਰੋਨਾ ਪੀੜਤਾਂ ਦੇ ਇਲਾਜ ਵਿੱਚ ਜੁਟਿਆ ਹੋਇਆ ਹੈ, ਉਥੇ ਨਾਲ ਦੀ ਨਾਲ ਆਪਣੀਆਂ ਸਮਰੱਥਾਵਾਂ ਵਿੱਚ ਰੋਜ਼ਾਨਾ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਜਿੱਥੇ ਹੁਣ ਤੱਕ ਸੂਬੇ ਭਰ ਵਿੱਚ 30 ਮਰੀਜ਼ ਠੀਕ ਹੋਏ ਹਨ। ਇਕ ਮਰੀਜ਼ ਵੈਂਟੀਲੇਟਰ ਉਤੇ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਸਰਕਾਰੀ ਪੱਧਰ ਉਤੇ ਕੁੱਲ 4000 ਤੋਂ ਵੱਧ ਬਿਸਤਰਿਆਂ ਦਾ ਪ੍ਰਬੰਧ ਪਾਜ਼ੇਟਿਵ ਮਰੀਜ਼ਾਂ ਲਈ ਕੀਤਾ ਹੈ। ਸਰਕਾਰੀ ਪੱਧਰ ਉਤੇ 52 ਕੋਵਿਡ ਆਈਸੋਲੇਸ਼ਨ ਸੈਂਟਰਾਂ ਅਤੇ 195 ਪਾ੍ਰਈਵੇਟ ਆਈਸੋਲੇਸ਼ਨ ਸੈਂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ।
ਪੰਜਾਬ ਸਰਕਾਰ ਵਲੋਂ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਇਸ ਮਹਾਮਾਰੀ ਨੂੰ ਰੋਕਣ ਲਈ ਕਰਨ ਦਾ ਅਹਿਦ ਦੁਹਰਾਉਂਦਿਆਂ ਤਰਜਮਾਨ ਨੇ ਅੱਗੇ ਦੱਸਿਆ ਕਿ ਰਾਜ ਭਰ ਦੇ ਹਸਪਤਾਲਾਂ ਵਿੱਚ ਕੁੱਲ 447 ਵੈਂਟੀਲੇਟਰ ਚਾਲੂ ਹਾਲਤ ਵਿੱਚ ਹਨ, ਜਦੋਂ ਕਿ 93 ਨਵੇਂ ਵੈਂਟੀਲੇਟਰਾਂ ਦੀ ਖਰੀਦ ਲਈ ਆਡਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਨ-95 ਮਾਸਕ, ਪੀ.ਪੀ.ਈ. (ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ) ਤੇ ਆਕਸੀਜਨ ਸਿਲੰਡਰਾਂ ਦੀ ਕੋਈ ਘਾਟ ਨਹੀਂ ਹੈ।
ਲਾਜ਼ਮੀ ਵਸਤਾਂ ਦੀ ਸਪਲਾਈ ਬਾਰੇ ਗੱਲ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਰਾਜ ਵਿਚ ਆਟੇ, ਖੰਡ ਤੇ ਦੁੱਧ ਦੀ ਸਪਲਾਈ ਬਿਲਕੁੱਲ ਆਮ ਵਾਂਗ ਹੈ, ਜਦੋਂ ਕਿ ਸਬਜ਼ੀਆਂ ਤੇ ਫਲਾਂ ਦੀ ਸਪਲਾਈ ਤੈਅ ਹੱਦ ਦੇ 80 ਤੋਂ 85 ਫੀਸਦੀ ਤੱਕ ਆਮ ਵਰਗੀ ਕਰ ਦਿੱਤੀ ਗਈ ਹੈ, ਜਿਸ ਨੂੰ ਛੇਤੀ ਬਿਲਕੁੱਲ ਸੁਚਾਰੂ ਕਰ ਦਿੱਤਾ ਜਾਵੇਗਾ। ਰਾਜ ਭਰ ਦੇ ਕੈਮਿਸਟਾਂ ਕੋਲ ਲੋੜੀਂਦੀਆਂ ਦਵਾਈਆਂ ਦਾ ਇਕ ਹਫ਼ਤੇ ਦਾ ਸਟਾਕ ਮੌਜੂਦ ਹੈ, ਜਿਸ ਨੂੰ ਹੋਰ ਵਧਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦੇਣ ਦੇ ਦਿੱਤੇ ਨਿਰਦੇਸ਼ਾਂ ਦੇ ਮਦੇਨਜ਼ਰ ਪਰਵਾਸੀ ਮਜ਼ਦੂਰਾਂ ਲਈ ਕੁੱਲ 275 ਬਸੇਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚ 2212 ਮਜ਼ਦੂਰ ਰਹਿ ਰਹੇ ਹਨ। ਸਰਕਾਰ ਵਲੋਂ ਹੁਣ ਤਕ ਕੁੱਲ 2,75,628 ਪੈਕੇਟ ਰਾਸ਼ਨ ਦੇ ਮੁਹੱਈਆ ਕੀਤੇ ਗਏ ਹਨ। ਇਸ ਤੋਂ ਇਲਾਵਾ 29,235 ਪੈਕੇਟ ਤਿਆਰ ਭੋਜਨ ਦੇ ਰੋਜ਼ਾਨਾ ਵੰਡੇ ਜਾ ਰਹੇ ਹਨ ਅਤੇ ਹੁਣ ਤੱਕ ਕੁੱਲ 9,32,208 ਪੈਕੇਟ ਤਿਆਰ ਖਾਣੇ ਦੇ ਲੋੜਵੰਦਾਂ ਨੂੰ ਮੁਹੱਈਆ ਕੀਤੇ ਜਾ ਚੁੱਕੇ ਹਨ। ਇਸ ਕੰਮ ਵਿੱਚ ਗੈਰ ਸਰਕਾਰੀ ਸੰਸਥਾਵਾਂ ਆਪਣੇ ਪੱਧਰ ਉਤੇ ਯਤਨ ਕਰ ਰਹੀਆਂ ਹਨ। ਰਾਜ ਦੇ ਅੰਦਰ ਟਰੱਕਾਂ ਦੀ ਆਵਾਜਾਈ ਬੇਰੋਕ-ਟੋਕ ਨਿਰੰਤਰ ਜਾਰੀ ਰਖਵਾਈ ਜਾ ਰਹੀ ਹੈ