
ਜੰਗਲਾਤ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਦਾ ਵਧਾਇਆ ਹੌਸਲਾ, ਸਿਰਪਾਉ ਪਾ ਕੇ ਕੀਤਾ ਸਨਮਾਨਤ
ਖੰਨਾ, 17 ਅਪ੍ਰੈਲ (ਅਦਰਸ਼ਜੀਤ ਖੰਨਾ) : ਪੰਜਾਬ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਵੱਲੋਂ ਹਲਕੇ ਵਿੱਚ ਤਾਇਨਾਤ ਪੁਲਿਸ ਮੁਲਾਜਮਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਉਨ੍ਹਾਂ ਦਾ ਭਰਵਾਂ ਸਨਮਾਨ ਕੀਤਾ ਹੈ।
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਡੀਐੱਸਪੀ ਵਰਿੰਦਰਜੀਤ ਸਿੰਘ ਥਿੰਦ, ਕੋਤਵਾਲੀ ਪੁਲਸ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਅਤੇ, ਮਹਿਲਾ ਪੁਲਸ ਕਰਮਚਾਰੀਆਂ ਸਣੇ ਦਰਜਨਾਂ ਹੋਰ ਪੁਲਿਸ ਮੁਲਾਜ਼ਮਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸਰਦਾਰ ਧਰਮਸੋਤ ਨੇ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੂਰੇ ਸੂਬੇ ਵਿੱਚ ਪੰਜਾਬ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਪੁਲਸ ਮੁਲਾਜ਼ਮਾਂ ਸਦਕਾ ਹੀ ਸੂਬੇ ਦੇ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦੀ ਸਖਤੀ ਦੀ ਆਲੋਚਨਾ ਨਾ ਕਰਨ, ਬਲਕਿ ਪੁਲਿਸ ਨੂੰ ਸਹਿਯੋਗ ਦੇਣ ਕਿਉਂਕਿ ਪੰਜਾਬ ਪੁਲਿਸ ਆਪਣੇ ਨਿੱਜੀ ਫਾਇਦੇ ਲਈ ਲਈ ਨਹੀ,ਸਗੋਂ ਦੇਸ਼ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਸਖਤ ਰੁਖ ਅਪਣਾਉਂਦੀ ਹੈ। ਨਾਭਾ ਸ਼ਹਿਰ ਦੇ ਬੌੜਾਂ ਗੇਟ ਪੁੱਜੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਪੁਲਿਸ ਅਧਿਕਾਰੀਆਂ ਦਾ, ਜੋ ਦੇਸ਼ ਤੇ ਪਈ ਔਕੜ ਸਮੇਂ ਨਿਰਪੱਖਤਾ ਤੇ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਉਨ੍ਹਾਂ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਬਾਹਰ ਹੈ ਤਾਂ ਸਾਨੂੰ ਘਰਾਂ ਅੰਦਰ ਰਹਿ ਕੇ ਪੰਜਾਬ ਪੁਲਿਸ ਦੀ ਨਿਭਾਈ ਜਾ ਰਹੀ ਸੇਵਾ ਦਾ ਮੁੱਲ ਮੋੜਨਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਮਿੱਤਲ ਸੈਂਟੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਅਤੇ ਪੀਏ ਚਰਨਜੀਤ ਬਾਤਿਸ਼ ਵੀ ਮੌਜੂਦ ਸਨ।