
ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਦੂਜੇ ਹੀ ਦਿਨ ਅਚਾਨਕ ਪਏ ਮੀਂਹ ਦੀਆਂ ਵਾਛੜਾਂ ਨੇ ਮੰਡੀਆਂ ’ਚ ਬੈਠੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਪ੍ਰਾਪਤ ਰੀਪੋਰਟਾਂ
ਚੰਡੀਗੜ੍ਹ, 17 ਅਪ੍ਰੈਲ (ਗੁਰਉਪਦੇਸ਼ ਭੁੱਲਰ): ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਦੂਜੇ ਹੀ ਦਿਨ ਅਚਾਨਕ ਪਏ ਮੀਂਹ ਦੀਆਂ ਵਾਛੜਾਂ ਨੇ ਮੰਡੀਆਂ ’ਚ ਬੈਠੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਪ੍ਰਾਪਤ ਰੀਪੋਰਟਾਂ ਅਨੁਸਾਰ ਅੱਜ ਮੋਗਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਫ਼ਾਜ਼ਿਲਕਾ, ਜਲੰਧਰ ਅਤੇ ਮੋਹਾਲੀ ਆਦਿ ਖੇਤਰਾਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਸ੍ਰੀ ਮੁਕਤਸਰ ਸਾਹਿਬ ਖੇਤਰ ’ਚ ਹਲਕੀ ਗੜੇਮਾਰੀ ਦੀ ਵੀ ਖ਼ਬਰ ਹੈ।
File photo
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਮੀਂਹ ਦਾ ਅਨੁਮਾਨ ਲਾਇਆ ਸੀ। ਮੌਸਮ ਮਾਹਰਾਂ ਅਨੁਸਾਰ 18 ਤੋਂ 20 ਅਪ੍ਰੈਲ ਦਰਮਿਆਨ ਅੰਮ੍ਰਿਤਸਰ, ਮਾਨਸਾ, ਬਠਿੰਡਾ, ਸੰਗਰੂਰ, ਪਟਿਆਲਾ, ਬਰਨਾਲਾ, ਮੋਗਾ, ਫ਼ਰੀਦਕੋਟ ਆਦਿ ਖੇਤਰਾਂ ’ਚ ਮੀਂਹ ਪਵੇਗਾ। ਕਿਸਾਨਾਂ ਨੂੰ ਅਪਣੀ ਕੱਟੀ ਫ਼ਸਲ ਸੰਭਾਲਣ ਅਤੇ ਪੱਕੀ ਫ਼ਸਲ ਨੂੰ ਕੱਟਣ ਦੀ ਮੌਸਮ ਵਿਭਾਗ ਵਲੋਂ ਸਲਾਹ ਦਿਤੀ ਗਈ ਹੈ। ਇਸ ਸਮੇਂ ਕਿਸਾਨਾਂ ਦੀ ਚਿੰਤਾ ਇਸ ਲਈ ਵੀ ਵੱਧ ਗਈ ਹੈ ਕਿ ਹਾਲੇ ਮੰਡੀਆਂ ’ਚ ਖ਼ਰੀਦ ਦਾ ਕੰਮ ਸ਼ੁਰੂਆਤੀ ਪੜਾਅ ’ਚ ਹੀ ਹੈ ਅਤੇ ਖੇਤਾਂ ’ਚ ਫ਼ਸਲ ਕਈ ਥਾਈਂ ਕਟਾਈ ਅਧੀਨ ਹੈ। ਜਿਥੇ ਮੰਡੀਆਂ ’ਚ ਤਰਪਾਲਾਂ ਆਦਿ ਦੇ ਪੂਰੇ ਪ੍ਰਬੰਧ ਵੀ ਨਹੀਂ ਉਥੇ ਕਟਾਈ ਲਈ ਵੀ ਹਾਲੇ ਕੰਬਾਈਨਾਂ ਪੂਰੀ ਗਿਣਤੀ ’ਚ ਉਪਲਬਧ ਨਹੀਂ ਜੋ ਹਾਲੇ ਦੂਜੇ ਰਾਜਾਂ ’ਚ ਪਰਤ ਰਹੀਆਂ ਹਨ।