
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਤੇ ਪ੍ਰਸਿੱਧ ਵਕੀਲ ਐਚ.ਐਸ. ਫੂਲਕਾ ਨੇ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈਕੋਰਟ ਦੇ ਫ਼ੈਸਲੇ ਦੇ ਸੰਦਰਭ ਵਿਚ ਸਿੱਟ ਨੂੰ ਛੱਡਣ ਵਾਲੇ ਚਾਰ ਮੈਂਬਰਾਂ ਵਿਰੁਧ ਜਾਂਚ ਦੀ ਮੰਗ ਕਰਦਿਆਂ ਇਸ ਸਬੰਧ ਵਿਚ ਸਰਕਾਰ ’ਤੇ ਜ਼ੋਰ ਦੇਣ ਲਈ ਕਾਂਗਰਸ ਆਗੂਆਂ ਨੂੰ ਖੁਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਸ. ਫੂਲਕਾ ਨੇ ਕਿਹਾ ਹੈ ਕਿ 2017 ਦੀਆਂ ਪੰਜਾਬ ਦੀਆਂ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।
H.S. Phoolka
ਉਸ ਤੋਂ ਬਾਅਦ ਅਗੱਸਤ 2018 ਵਿਚ ਜਦੋਂ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਉਸ ਵੇਲੇ ਵੀ ਕਾਂਗਰਸ ਦੇ ਲੀਡਰਾਂ ਨੇ ਪੰਜਾਬ ਦੇ ਲੋਕਾਂ ਨਾਲ ਉਹੀ ਵਾਅਦਾ ਮੁੜ ਦੋਹਰਾਇਆ ਕਿ ਗੁਰੂ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ ਅਤੇ ਇਹ ਵੀ ਵਿਸ਼ਵਾਸ ਦੁਆਇਆ ਗਿਆ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ । ਪਰ ਅੱਜ ਉਸ ਗੱਲ ਨੂੰ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਅਪਣਾ ਇਹ ਵਾਅਦਾ ਨਿਭਾਉਣ ਵਿਚ ਨਾਕਾਮ ਸਾਬਤ ਹੋਈ ਹੈ।
Justice Ranjit Singh
ਚਿੱਠੀ ਵਿਚ ਉਨ੍ਹਾਂ ਕਿਹਾ ਕਿ ਅਗੱਸਤ 2018 ਵਿਧਾਨ ਸਭਾ ਬਹਿਸ ਤੋਂ ਬਾਅਦ ਵੀ ਮੈਂ ਇਹ ਗੱਲ ਕਹੀ ਸੀ ਵਿਧਾਨ ਸਭਾ ਦੇ ਵਿਚ ਪਾਸ ਹੋਏ ਮਤਿਆ ਵਿਚ ਐਸੀਆਂ ਕਨੂੰਨੀ ਕਮੀਆਂ ਛਡੀਆਂ ਗਈਆਂ ਨੇ ਜਿਸ ਦਾ ਮੁਲਜਮ ਪੂਰਾ ਫ਼ਾਇਦਾ ਉਠਾਉਣਗੇ। ਪਰ ਉਸ ਵੇਲੇ ਕਾਂਗਰਸ ਦੇ ਲੀਡਰਾਂ ਨੇ ਮੇਰੀ ਗੱਲ ਸੁਣਨ ਤੇ ਸਮਝਣ ਦੀ ਬਜਾਏ ਮੇਰੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿਤੇ। ਜਿਸ ਦੇ ਰੋਸ ਵਜੋਂ ਮੈਂ ਵਿਧਾਨ ਸਭਾ ਐਮ.ਐਲ.ਏ. ਤੋਂ ਅਸਤੀਫ਼ਾ ਵੀ ਦੇ ਦਿਤਾ। ਪਰ ਅੱਜ ਢਾਈ ਸਾਲ ਬਾਅਦ ਮੇਰੀ ਇਹ ਗੱਲ ਬਿਲਕੁਲ ਸਹੀ ਸਾਬਤ ਹੋਈ ਹੈ। ਇਨ੍ਹਾਂ ਗਲਤੀਆਂ ਕਰ ਕੇ ਮੁਲਜਮਾਂ ਦੀ ਜਿੱਤ ਹੋ ਗਈ ਤੇ ਐਸ.ਆਈ.ਟੀ. ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ।
Kunwar Vijay Pratap
ਸ. ਫ਼ੂਲਕਾ ਨੇ ਅੱਗੇ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਐਸ.ਆਈ.ਟੀ. ਦੀ ਰੀਪੋਰਟ ਨੂੰ ਹਾਈਕੋਰਟ ਨੇ ਇਸ ਕਰ ਕੇ ਖਾਰਜ ਕਰ ਦਿਤਾ ਹੈ ਕਿਉਂਕਿ ਇਸ ਉੱਤੇ ਸਿਰਫ਼ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਸਤਖ਼ਤ ਕੀਤੇ ਸਨ ਪਰ ਬਾਕੀ ਐਸ.ਆਈ. ਟੀਮ ਦੇ ਮੈਂਬਰਾਂ ਨੇ ਉਸ ਉਤੇ ਦਸਤਖ਼ਤ ਨਹੀਂ ਕੀਤੇ ਕਿਉਂਕਿ ਇਹ ਐਸ.ਆਈ.ਟੀ. ਕਾਂਗਰਸ ਵਲੋਂ ਹੀ ਬਣਾਈ ਗਈ ਸੀ, ਇਸ ਲਈ ਕਾਂਗਰਸ ਇਸ ਗੱਲ ਦੀ ਜਵਾਬਦੇਹ ਬਣਦੀ ਹੈ ਕਿ ਉਹ ਇਹ ਜਵਾਬ ਦੇਵੇ ਕਿ ਦੂਸਰੇ ਐਸ.ਆਈ. ਟੀ. ਦੇ ਮੈਂਬਰਾਂ ਨੇ ਇਸ ਰੀਪੋਰਟ ਤੇ ਦਸਤਖ਼ਤ ਕਿਉਂ ਨਹੀਂ ਕੀਤੇ? ਜਦੋਂ ਅਗੱਸਤ 2018 ਵਿਚ ਐਸ.ਆਈ.ਟੀ. ਬਣਾਈ ਗਈ ਸੀ, ਉਸ ਵੇਲੇ ਸਰਕਾਰ ਨੇ ਕਿਹਾ ਸੀ ਕਿ ਤਿੰਨ ਮਹੀਨੇ ਵਿਚ ਜਾਂਚ ਮੁਕੰਮਲ ਕੀਤੀ ਜਾਵੇਗੀ ਪਰ ਅੱਜ ਢਾਈ ਸਾਲ ਤੋਂ ਬਾਅਦ ਵੀ ਜਾਂਚ ਮੁਕੰਮਲ ਨਹੀਂ ਹੈ
। ਅਗਰ ਇਸ ਤੋਂ ਬਾਅਦ ਵੀ.ਐਸ.ਆਈ.ਟੀ. ਦੇ ਦੂਜੇ ਮੈਂਬਰ ਇਹ ਕਹਿੰਦੇ ਹਨ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਜਾਂਚ ਸਹੀ ਨਹੀਂ ਕੀਤੀ, ਇਸ ਕਰ ਕੇ ਉਨ੍ਹਾਂ ਨੇ ਦਸਤਖ਼ਤ ਨਹੀਂ ਕੀਤੇ ਤਾਂ ਦੂਸਰੇ ਐਸ.ਆਈ.ਟੀ. ਦੇ ਮੈਂਬਰ ਇਹ ਦਸਣ ਕਿ ਉਨ੍ਹਾਂ ਨੇ ਢਾਈ ਸਾਲ ਦੇ ਵਿਚ ਕੀ ਕੀਤਾ? ਕੀ ਉਨ੍ਹਾਂ ਦਾ ਫ਼ਰਜ ਨਹੀਂ ਸੀ ਇਸ ਕੇਸ ਦੀ ਜਾਂਚ ਕਰਨਾ ਜਾਂ ਉਨ੍ਹਾਂ ਦਾ ਸਿਰਫ਼ ਇਹ ਫ਼ਰਜ ਸੀ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕੀਤੀ ਜਾਂਚ ਵਿਚ ਨੁਕਤਾਚੀਨੀ ਕੱਢੀ ਜਾਵੇ ਤੇ ਮੁਲਜਮਾਂ ਨੂੰ ਫ਼ਾਇਦਾ ਪਹੁੰਚਾਇਆ ਜਾਵੇ।