
ਨਾਨਕਸ਼ਾਹੀ ਕੈਲੰਡਰ ਮੁਤਾਬਕ 15 ਅਪੈ੍ਰਲ ਨੂੰ ਮਨਾਇਆ ਗਿਆ ਬਾਬੇ ਨਾਨਕ ਦਾ ਅਵਤਾਰ ਦਿਹਾੜਾ
ਦੇਸ਼-ਵਿਦੇਸ਼ ਦੀਆਂ ਸੰਗਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਦਿਹਾੜੇ
ਕੋਟਕਪੂਰਾ, 17 ਅਪੈ੍ਰਲ (ਗੁਰਿੰਦਰ ਸਿੰਘ) : ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਮੇਤ ਦੇਸ਼-ਵਿਦੇਸ਼ ਦੀਆਂ ਕੁੱਝ ਕੁ ਜਾਗਰੂਕ ਸੰਗਤਾਂ ਦੀ ਤਰ੍ਹਾਂ ਜੇਕਰ ਸਾਰੀ ਸਿੱਖ ਸੰਗਤ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਵੇ ਤਾਂ ਇਸ ਤੋਂ ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਤੇ ਉਤਸ਼ਾਹ ਮਿਲਣਾ ਸੁਭਾਵਕ ਹੈ |
ਹਲਦਵਾਨੀ ਨੈਨੀਤਾਲ (ਉੱਤਰ ਪ੍ਰਦੇਸ਼) ਦੀ ਸੰਗਤ ਵਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 15 ਅਪੈ੍ਰਲ ਨੂੰ ਮਨਾਉਣ ਲਈ ਰੱਖੇ ਗੁਰਮਤਿ ਸਮਾਗਮਾਂ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪ੍ਰਵਾਸੀ ਭਾਰਤੀ ਤੇ ਸਿੱਖ ਚਿੰਤਕ ਪਾਲ ਸਿੰਘ ਪੁਰੇਵਾਲ ਨੇ ਅਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਖ਼ਰਚ ਕਰ ਕੇ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ, ਬਹੁਤ ਮੁਸ਼ਕਲਾਂ, ਸਮੱਸਿਆਵਾਂ, ਚੁਣੌਤੀਆਂ, ਪੇ੍ਰਸ਼ਾਨੀਆਂ ਅਤੇ ਅੜਿੱਕਿਆਂ ਦੇ ਬਾਵਜੂਦ ਵੀ ਸਾਲ 2003 ਵਿਚ ਸ. ਪੁਰੇਵਾਲ ਦੇ ਯਤਨਾਂ ਸਦਕਾ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਗਿਆ, ਦੇਸ਼-ਵਿਦੇਸ਼ ਵਿਚ ਖ਼ੁਸ਼ੀ ਦਾ ਮਾਹੌਲ, ਸਾਰੀ
ਦੁਨੀਆਂ ਦੀ ਸਿੱਖ ਸੰਗਤ ਹਰ ਤਰ੍ਹਾਂ ਦੇ ਇਤਿਹਾਸਕ ਦਿਹਾੜੇ ਅਤੇ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਲੱਗ ਪਈ | ਪੰਥ ਵਿਰੋਧੀ ਸ਼ਕਤੀਆਂ ਦੇ ਦਬਾਅ ਵਿਚ ਆ ਕੇ ਤਖ਼ਤਾਂ ਦੇ ਜਥੇਦਾਰਾਂ ਨੇ ਪਾਲ ਸਿੰਘ ਪੁਰੇਵਾਲ ਸਮੇਤ ਕਿਸੇ ਵੀ ਪੰਥਕ ਵਿਦਵਾਨ ਜਾਂ ਸਿੱਖ ਚਿੰਤਕ ਨੂੰ ਵਿਸ਼ਵਾਸ ਵਿਚ ਲਏ ਤੋਂ ਬਿਨਾਂ ਹੀ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਰੱਖ ਦਿਤਾ ਜਿਸ ਬਾਰੇ ਅੱਜ ਤਕ ਸੰਗਤ ਨੂੰ ਸਪੱਸ਼ਟੀਕਰਨ ਦੇਣ ਦੀ ਜ਼ਰੂਰਤ ਹੀ ਨਾ ਸਮਝੀ ਗਈ |
ਡਾ. ਮਨਪ੍ਰੀਤ ਸਿੰਘ ਰਾਜੋਰੀ ਗਾਰਡਨ ਦਿੱਲੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਿਰਫ਼ ਭਾਈ ਮਰਦਾਨਾ ਜੀ ਦਾ ਜ਼ਿਕਰ ਆਉਂਦਾ ਹੈ ਪਰ ਪੰਥ ਵਿਰੋਧੀ ਸ਼ਕਤੀਆਂ ਨੇ ਬਾਲਾ ਨਾਮ ਦਾ ਇਕ ਕਾਲਪਨਿਕ ਪਾਤਰ ਫਿੱਟ ਕਰ ਦਿਤਾ ਜਿਸ ਬਾਰੇ ਤਖ਼ਤਾਂ ਦੇ ਜਥੇਦਾਰ ਜਾਂ ਸ਼ੋ੍ਰਮਣੀ ਕਮੇਟੀ ਕੋਈ ਫ਼ੈਸਲਾ ਨਹੀਂ ਲੈ ਸਕੀ | ਉਨ੍ਹਾਂ ਬਾਲੇ ਦੀ ਜਨਮਸਾਖੀ ਨੂੰ ਰੱਦ ਕਰਦਿਆਂ ਆਖਿਆ ਕਿ ਪੰਜਾਬ ਤੋਂ ਬਾਹਰ ਅਤੇ ਵਿਦੇਸ਼ਾਂ 'ਚ ਬੈਠੀ ਸੰਗਤ ਬਹੁਤ ਜਾਗਰੂਕ ਹੈ ਅਤੇ ਪੰਥ ਵਿਰੋਧੀ ਸ਼ਕਤੀਆਂ ਦੀਆਂ ਚਾਲਾਂ ਨੂੰ ਬਾਖੂਬੀ ਸਮਝਦੀ ਹੈ ਪਰ ਪੰਜਾਬ ਵਿਚ ਸਾਡੇ ਹੀ ਅਖੌਤੀ ਆਗੂਆਂ ਨੇ ਸੰਗਤ ਨੂੰ ਗੁਮਰਾਹ ਕਰਨ ਦਾ ਬੀੜਾ ਚੁਕਿਆ ਹੋਇਆ ਹੈ | ਭਾਈ ਜਸਬੀਰ ਸਿੰਘ ਗੋਲਡੀ ਮੁਤਾਬਕ ਸਮਾਗਮ ਦੌਰਾਨ ਸ਼ਮੂਲੀਅਤ ਕਰਨ ਵਾਲੀਆਂ ਸਾਰੀਆਂ ਸੰਗਤਾਂ ਨੂੰ ਭਾਈ ਕਾਹਨ ਸਿੰਘ ਨਾਭਾ, ਰਚਿਤ ਪੁਸਤਕ 'ਹਮ ਹਿੰਦੂ ਨਹੀਂ' ਵੀ ਵੰਡੀ ਗਈ | ਇਸ ਮੌਕੇ ਹਜ਼ੂਰੀ ਰਾਗੀ ਪ੍ਰਭੂ ਸਿੰਘ ਖ਼ਾਲਸਾ, ਭਾਈ ਜਸਪਾਲ ਸਿੰਘ, ਭਾਈ ਅਮਰਜੀਤ ਸਿੰਘ ਨੇ ਵੀ ਕਥਾ ਕੀਰਤਨ ਰਾਹੀਂ ਹਾਜ਼ਰੀ ਲਗਵਾਈ ਜਦਕਿ ਸਿੱਖ ਮਿਸ਼ਨਰੀ ਕਾਲਜ ਦੇ ਸੇਵਾਦਾਰ ਬੀਬੀ ਸੁਰਿੰਦਰ ਕੌਰ ਅਤੇ ਇਸਤਰੀ ਸਤਿਸੰਗ ਸਭਾ ਦੀ ਆਗੂ ਬੀਬੀ ਬਲਜੀਤ ਕੌਰ ਦਾ ਵੀ ਭਰਪੂਰ ਸਹਿਯੋਗ ਰਿਹਾ |