
Gidderbaha News: ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁਲਿਸ ਨੇ ਛਾਪੇਮਾਰੀ ਕੀਤੀ ਸ਼ੁਰੂ
Gidderbaha Police beaten News in punjabi : ਗਿੱਦੜਬਾਹਾ ਸ਼ਹਿਰ ਦੇ ਭਾਰੂ ਰੋਡ ’ਤੇ ਝੁੱਗੀਆਂ ਵਿਚ ਨਸ਼ੀਲੇ ਪਦਾਰਥਾਂ ਦੀ ਭਾਲ ਕਰਨ ਗਏ ਇਕ ਸਹਾਇਕ ਸਬ-ਇੰਸਪੈਕਟਰ ਸਮੇਤ ਦੋ ਪੁਲਿਸ ਮੁਲਾਜ਼ਮਾਂ ’ਤੇ ਵੀਰਵਾਰ ਸ਼ਾਮ ਨੂੰ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ASI ਰਾਜ ਬਹਾਦਰ ਅਤੇ ਕਾਂਸਟੇਬਲ ਜਸਪ੍ਰੀਤ ਵਜੋਂ ਹੋਈ ਹੈ ਜੋ ਇਸ ਸਮੇਂ ਗਿੱਦੜਬਾਹਾ ਸਿਵਲ ਹਸਪਤਾਲ ਵਿਚ ਦਾਖ਼ਲ ਹਨ।
ਗਿੱਦੜਬਾਹਾ ਥਾਣੇ 'ਚ ਦੋ ਔਰਤਾਂ ਸਮੇਤ ਚਾਰ ਲੋਕਾਂ 'ਤੇ ਹਮਲਾ ਕਰਨ, ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਰਾਜਪਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਜ਼ਖ਼ਮੀ ਏਐਸਆਈ ਰਾਜ ਬਹਾਦੁਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪੁਲਿਸ ਵੱਲੋਂ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਨਸ਼ੇ ਅਤੇ ਤਸਕਰਾਂ ਦੀ ਭਾਲ 'ਚ ਕਾਂਸਟੇਬਲ ਜਸਪ੍ਰੀਤ ਸਿੰਘ ਦੇ ਨਾਲ ਇਲਾਕੇ 'ਚ ਗਸ਼ਤ ਕਰ ਰਹੇ ਸਨ।
ਵੀਰਵਾਰ ਸ਼ਾਮ ਲਗਪਗ ਪੰਜ ਵਜੇ ਜਦੋਂ ਉਹ ਭਾਰੂ ਚੌਕ ਝੁੱਗੀਆਂ ਵਿਚ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਬਦਸਲੂਕੀ ਕੀਤੀ ਇਸ ਦੌਰਾਨ ਉਨ੍ਹਾਂ ਨੇ ਸਿਰ 'ਤੇ ਡਾਂਗ ਨਾਲ ਵਾਰ ਕੀਤਾ ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਏ। ਜਦੋਂ ਕਾਂਸਟੇਬਲ ਜਸਪ੍ਰੀਤ ਸਿੰਘ ਬਚਾਅ 'ਚ ਆਇਆ ਤਾਂ ਉਨ੍ਹਾਂ ਦੇ ਸੱਜੇ ਹੱਥ 'ਤੇ ਡਾਂਗ ਨਾਲ ਵਾਰ ਕੀਤਾ।
ਇਸ ਤੋਂ ਬਾਅਦ, ਉਨ੍ਹਾਂ ਜ਼ਮੀਨ 'ਤੇ ਡਿੱਗੇ ਰਾਜ ਬਹਾਦੁਰ ਸਿੰਘ 'ਤੇ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੇ ਖੱਬੇ ਹੱਥ ਦੀਆਂ ਉਂਗਲਾਂ 'ਚ ਸੱਟ ਲੱਗੀ। ਪੁਲਿਸ ਮੁਲਾਜ਼ਮਾਂ ਦੀ ਚੀਕਾਂ ਸੁਣ ਕੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਹਮਲਾਵਰ ਹਥਿਆਰਾਂ ਸਮੇਤ ਘਟਨਾ ਵਾਲੀ ਥਾਂ ਤੋਂ ਭੱਜ ਗਏ। ਇਸ ਤੋਂ ਬਾਅਦ ਕਾਂਸਟੇਬਲ ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ 'ਚ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।