
ਪਿੰਡ ਬੱਗੇਵਾਲਾ ’ਚ ਦੂਸਰੀ ਸਾਈਡ ਤੋਂ ਆਉਂਦੀ ਗੱਡੀ ਨਾਲ ਸਿੱਧੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਫਿਰੋਜ਼ਪੁਰ : ਫਿਰੋਜ਼ਪੁਰ ਦੇ ਥਾਣਾ ਆਰਫਕੇ ਦੇ ਨਜ਼ਦੀਕ ਪਿੰਡ ਬੱਗੇਵਾਲਾ ਵਿਖੇ ਇਕ ਭਿਆਨਕ ਸੜਕੀ ਹਾਦਸੇ ’ਚ ਮਾਂ-ਪੁੱਤ ਦੀ ਮੌਤ ਹੋ ਗਈ। ਪਿੰਡ ਨਿਹਾਲਾ ਲਵੇਰਾ ਦੀ ਆਸ਼ਾ ਵਰਕਰ ਮੈਡਮ ਬਲਜੀਤ ਕੌਰ (ਪਤਨੀ ਡਾਕਟਰ ਮੰਗਜੀਤ ਸਿੰਘ) ਅਤੇ ਉਸ ਦਾ ਬੇਟਾ ਲਵਪ੍ਰੀਤ ਸਿੰਘ ਆਰਿਫ਼ਕੇ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ ਕਿ ਅਚਾਨਕ ਪਿੰਡ ਬਗੇਵਾਲਾ ਦੇ ਸ਼ਮਸ਼ਾਨ ਘਾਟ ਕੋਲ ਸਾਹਮਣੇ ਤੋਂ ਆਉਂਦੀ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਬੇਟੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਲਜੀਤ ਕੌਰ ਦੀ ਹਸਪਤਾਲ ਜਾਂਦੇ ਸਮੇਂ ਰਸਤੇ ’ਚ ਮੌਤ ਹੋ ਗਈ।
ਮਾਂ-ਪੁੱਤ ਦੀ ਹੋਈ ਮੌਤ ਨੂੰ ਲੈ ਕੇ ਸਾਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਮਾਮਲੇ ਦੀ ਤਫਤੀਸ਼ ਪੁਲਿਸ ਥਾਣਾ ਆਰਫਕੇ ਦੇ ਥਾਣੇਦਾਰ ਕੁਲਬੀਰ ਸਿੰਘ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਆਟੋ ਚਾਲਕ ਗਲਤ ਸਾਇਡ ਤੋਂ ਆ ਰਿਹਾ ਸੀ। ਜੋ ਸਿੱਧਾ ਆ ਕੇ ਇਸ ਮਾਂ ਬੇਟੇ ਦੇ ’ਚ ਵੱਜਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਆਟੋ ਚਾਲਕ ’ਤੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।