
ਥਾਣਾ ਛਾਜਲੀ ਵਿਚ ਪੈਂਦੇ ਪਿੰਡ ਚੱਠਾ ਨਨਹੇੜਾ ਵਿਖੇ ਖੇਤ ਵਿਚ ਰੂੜੀ ਦੀ ਖਾਦ ਪਾਉਂਦੇ ਸਮੇਂ ਟਰੈਕਟਰ-ਟਰਾਲੀ ਪਲਟਣ ਕਾਰਨ ਦੋ ਜਣਿਆ ਦੀ ਮੌਤ ਹੋ ਗਈ ਹੈ
ਸੁਨਾਮ ਊਧਮ ਸਿੰਘ ਵਾਲਾ, 17 ਮਈ (ਦਰਸ਼ਨ ਸਿੰਘ ਚੌਹਾਨ): ਥਾਣਾ ਛਾਜਲੀ ਵਿਚ ਪੈਂਦੇ ਪਿੰਡ ਚੱਠਾ ਨਨਹੇੜਾ ਵਿਖੇ ਖੇਤ ਵਿਚ ਰੂੜੀ ਦੀ ਖਾਦ ਪਾਉਂਦੇ ਸਮੇਂ ਟਰੈਕਟਰ-ਟਰਾਲੀ ਪਲਟਣ ਕਾਰਨ ਦੋ ਜਣਿਆ ਦੀ ਮੌਤ ਹੋ ਗਈ ਹੈ ਜਦਕਿ ਦੋ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ। ਗੰਭੀਰ ਜ਼ਖ਼ਮੀ ਦੋ ਜਣਿਆਂ ਨੂੰ ਜੇਰੇ ਇਲਾਜ ਪਟਿਆਲਾ ਵਿਖੇ ਭੇਜ ਦਿਤਾ ਗਿਆ ਸੀ ਇੰਨ੍ਹਾਂ ਵਿਚੋਂ ਗੁਰਧਿਆਨ ਸਿੰਘ ਦੀ ਪਟਿਆਲਾ ਵਿਖੇ ਜ਼ਖ਼ਮਾਂ ਦੀ ਤਾਪ ਦਾ ਸਹਿਦੇ ਹੋਏ ਦਮ ਤੋੜ ਦਿਤਾ ਜਦਕਿ ਇਕ ਵਿਅਕਤੀ ਨੇ ਮੌਕੇ ਉਤੇ ਹੀ ਦਮ ਤੋੜ ਦਿਤਾ ਸੀ। ਖੇਤ ਮਾਲਕ ਕਿਸਾਨ ਦਾ ਸੁਨਾਮ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
File photo
ਸਥਾਨਕ ਸਿਵਲ ਹਸਪਤਾਲ ਵਿਖੇ ਪਿੰਡ ਚੱਠਾ ਨਨਹੇੜਾ ਦੇ ਮੈਂਬਰ ਪੰਚਾਇਤ ਬਲਵੰਤ ਸਿੰਘ ਅਤੇ ਸਮਾਜ ਸੇਵੀ ਗੁਰਪਿਆਰ ਸਿੰਘ ਚੱਠਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਚੱਠਾ ਨਨਹੇੜਾ ਦੇ ਕਿਸਾਨ ਮਲਕੀਤ ਸਿੰਘ ਦੇ ਖੇਤ ਵਿਚ ਕਰੀਬ ਅੱਧੀ ਦਰਜਨ ਵਿਅਕਤੀ ਟਰੈਕਟਰ-ਟਰਾਲੀ ਨਾਲ ਰੂੜੀ ਦੀ ਖਾਦ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਰੂੜੀ ਦੀ ਖਾਦ ਨਾਲ ਭਰੀ ਟਰਾਲੀ ਖੇਤ ਵਿਚ ਖਾਲੀ ਕਰ ਕੇ ਵਾਪਸ ਪਿੰਡ ਵੱਲ ਆ ਰਹੇ ਸਨ ਤਾਂ ਟਰੈਕਟਰ ਵਿਚ ਤਕਨੀਕੀ ਨੁਕਸ ਪੈ ਜਾਣ ਕਾਰਨ ਟਰੈਕਟਰ-ਟਰਾਲੀ ਡਰੇਨ ਵਿਚ ਪਲਟ ਗਈ ਜਿਸ ਕਾਰਨ ਨਿਰਭੈ ਸਿੰਘ (45) ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਗੁਰਧਿਆਨ ਸਿੰਘ ਨੇ ਪਟਿਆਲਾ ਵਿਖੇ ਜੇਰੇ ਇਲਾਜ਼ ਦਮ ਤੋੜ ਦਿਤਾ।
ਵਾਪਰੀ ਘਟਨਾ ਵਿਚ ਮਲਕੀਤ ਸਿੰਘ, ਗੁਰਧਿਆਨ ਸਿੰਘ ਅਤੇ ਦੇਵ ਸਿੰਘ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਤਰੁਤ ਸੁਨਾਮ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਗੰਭੀਰ ਜ਼ਖ਼ਮੀ ਗੁਰਧਿਆਨ ਸਿੰਘ ਅਤੇ ਦੇਵ ਸਿੰਘ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿਤਾ ਜਦਕਿ ਕਿਸਾਨ ਮਲਕੀਤ ਸਿੰਘ ਸੁਨਾਮ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਨ੍ਹਾਂ ਦਸਿਆ ਕਿ ਗੁਰਧਿਆਨ ਸਿੰਘ ਨੇ ਪਟਿਆਲਾ ਵਿਖੇ ਜ਼ਖ਼ਮਾਂ ਦੀ ਤਾਪ ਦਾ ਸਹਿਦੇ ਹੋਏ ਦਮ ਤੋੜ ਦਿਤਾ। ਗੁਰਪਿਆਰ ਸਿੰਘ ਚੱਠਾ ਨੇ ਦਸਿਆ ਕਿ ਵਾਪਰੀ ਉਕਤ ਘਟਨਾ ਵਿਚ ਨਿੱਕਾ ਸਿੰਘ ਅਤੇ ਭੱਪਾ ਸਿੰਘ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।