
ਜੈਜੀਤ ਜੌਹਲ ਨੇ ਅਕਾਲੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮਹਾਂਮਾਰੀ ਦੇ ਭਿਆਨਕ ਦੌਰ ਵਿਚ ਵੀ ਅਕਾਲੀ ਆਗੂ ਬਿਆਨਬਾਜ਼ੀ ਕਰਕੇ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੇ
ਬਠਿੰਡਾ: ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਅਕਾਲੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿਚ ਵੀ ਅਕਾਲੀ ਆਗੂ ਬਿਆਨਬਾਜ਼ੀ ਕਰਕੇ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਹਨਾਂ ਕਿਹਾ ਕਿ ਇਸ ਸਮੇਂ ਸਭ ਨੂੰ ਇਕੱਠੇ ਹੋ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ।
Jaijeet Singh Johal
ਦਰਅਸਲ ਜੈਜੀਤ ਸਿੰਘ ਜੌਹਲ ਨੇ ਬੀਤੇ ਦਿਨੀਂ ਇਕ ਬਿਆਨ ਜਾਰੀ ਕੀਤਾ ਸੀ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਬਠਿੰਡਾ ਵਿਚ ਬਣ ਰਹੇ ਕੋਵਿਡ ਕੇਅਰ ਸੈਂਟਰ ਵਿਚ ਡੇਰਾ ਸਿਰਸਾ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਵੇਗੀ। ਇਸ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਾਂਗਰਸ ਕੋਰੋਨਾ ਦੀ ਆੜ ਵਿਚ ਡੇਰਾ ਸਿਰਸਾ ਨਾਲ ਆਪਣੀ ਯਾਰੀ ਨਿਭਾਅ ਰਹੀ ਹੈ।
Jaijeet Singh Johal
ਅਕਾਲੀ ਆਗੂਆਂ ਦਾ ਦੋਸ਼ ਸੀ ਕਿ ਕਾਂਗਰਸ ਸਿਆਸੀ ਲਾਹਾ ਲੈਣ ਲਈ ਅਜਿਹੇ ਕਦਮ ਚੁੱਕ ਰਹੀ ਹੈ। ਪਰ ਉੱਧਰ ਕਾਂਗਰਸੀ ਆਗੂ ਜੌਹਲ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕੀ ਅਜਿਹੇ ਵੇਲੇ ਸਿਆਸਤ ਨਹੀਂ ਕਰਨੀ ਚਾਹੀਦੀ ਜੇਕਰ ਕੋਈ ਸੰਸਥਾ ਅੱਗੇ ਆ ਕੇ ਲੋਕਾਂ ਦੀ ਸਹਾਇਤਾ ਕਰ ਰਹੀ ਹੈ ਤਾਂ ਉਸ ਦੀ ਸ਼ਲਾਘਾ ਵੀ ਬਣਦੀ ਹੈ। ਜੌਹਲ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੇ ਗਲਤੀ ਨਾਲ ਡੇਰਾ ਸਿਰਸਾ ਦਾ ਨਾਮ ਲੈ ਦਿੱਤਾ ਜਦਕਿ ਲੰਗਰ ਦੀ ਸੇਵਾ ਆਸਰਾ ਫਾਊਂਡੇਸ਼ਨ ਵੱਲੋਂ ਕੀਤੀ ਜਾ ਰਹੀ ਹੈ।
Shiromani Akali Dal
ਇਸ ਦੇ ਨਾਲ ਜੌਹਲ ਨੇ ਇਹ ਵੀ ਕਿਹਾ ਕਿ ਉਹ ਡੇਰਾ ਸਿਰਸਾ ਦੇ ਸਮਰਥਕ ਨਹੀਂ ਸੀ ਪਰ ਇਸ ਸਮੇਂ ਜੋ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਉਸ ਤੋਂ ਸਿਆਸਤਦਾਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਜੌਹਲ ਨੇ ਦੱਸਿਆ ਕਿ ਬਠਿੰਡਾ ਵਿਚ 25 ਬੈੱਡ ਵਾਲਾ ਇਕ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿਚ ਕੋਰੋਨਾ ਮਰੀਜ਼ਾਂ ਨੂੰ ਬਿਲਕੁਲ ਮੁਫ਼ਤ ਇਲਾਜ ਮਿਲੇਗਾ। ਇਸ ਸੈਂਟਰ ਲਈ ਤਕਰੀਬਨ 25 ਸਮਾਜ ਸੇਵੀ ਸੰਸਥਾਵਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।