
ਨਾਰਦਾ ਸਟਿੰਗ ਮਾਮਲਾ : ਸੀ.ਬੀ.ਆਈ. ਨੇ ਤਿ੍ਣਮੂਲ ਦੇ ਤਿੰਨ ਵਿਧਾਇਕਾਂ, ਪਾਰਟੀ ਦੇ ਸਾਬਕਾ ਆਗੂ ਨੂੰ ਕੀਤਾ ਗਿ੍ਫ਼ਤਾਰ
ਕੋਲਕਾਤਾ, ਨਵੀਂ ਦਿੱਲੀ, 17 ਮਈ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਤਿ੍ਣਾਮੂਲ ਕਾਂਗਰਸ ਦੇ ਆਗੂ ਫ਼ਰਹਾਨ ਹਕੀਮ, ਸੁਬਰਤ ਮੁਖ਼ਰਜੀ ਅਤੇ ਸਦਨ ਮਿਤਰਾ ਦੇ ਨਾਲ ਪਾਰਟੀ ਦੇ ਸਾਬਕਾ ਆਗੂ ਸ਼ੋਭਨ ਚੈਟਰਜੀ ਨੂੰ ਨਾਰਦ ਸਟਿੰਗ ਮਾਮਲੇ ਵਿਚ ਕੋਲਕਾਤਾ ਵਿਚ ਗਿ੍ਫ਼ਤਾਰ ਕੀਤਾ ਹੈ | ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿਤੀ | ਨਾਰਦ ਸਟਿੰਗ ਮਾਮਲੇ ਵਿਚ ਕੁੱਝ ਆਗੂਆਂ ਵਲੋਂ ਕਥਿਤ ਤੌਰ 'ਤੇ ਧਨ ਲਏ ਜਾਣ ਦੇ ਮਾਮਲੇ ਦਾ ਪ੍ਰਗਟਾਵਾ ਹੋਇਆ ਸੀ |
ਅਧਿਕਾਰੀਆਂ ਨੇ ਦਸਿਆ ਕਿ ਇਹ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਕੇਂਦਰੀ ਜਾਂਚ ਏਜੰਸੀ ਸਟਿੰਗ ਟੇਪ ਮਾਮਲੇ ਵਿਚ ਅਪਣਾ ਦੋਸ਼ ਪੱਤਰ ਦਾਖ਼ਲ ਕਰਨ ਵਾਲੀ ਹੈ | ਚਾਰਾਂ ਆਗੂਆਂ ਨੂੰ ਸੋਮਵਾਰ ਸਵੇਰੇ ਕੋਲਕਾਤਾ ਦੇ ਨਿਜ਼ਾਮ ਪੈਲੇਸ ਵਿਚ ਸੀਬੀਆਈ ਦਫ਼ਤਰ ਲਿਜਾਇਆ ਗਿਆ | ਹਕੀਮ, ਮੁਖ਼ਰਜੀ, ਮਿਤਰਾ ਅਤੇ ਚੈਟਰਜੀ ਵਿਰੁਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਲੈਣ ਲਈ ਸੀਬੀਆਈ ਨੇ ਪਛਮੀ ਬੰਗਾਲ ਦੇ ਰਾਜਪਾਲ
ਜਗਦੀਪ ਧਨਖੜ ਦਾ ਰੁਖ਼ ਕੀਤਾ ਸੀ | ਸਾਲ 2014 ਵਿਚ ਕਥਿਤ ਅਪਰਾਧ ਦੇ ਸਮੇਂ ਇਹ ਸਾਰੇ ਮੰਤਰੀ ਸਨ | ਧਨਖੜ ਨੇ ਚਾਰਾਂ ਆਗੂਆਂ ਵਿਰੁਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿਤੀ ਸੀ, ਜਿਸ ਤੋਂ ਬਾਅਦ ਸੀਬੀਆਈ ਅਪਣਾ ਦੋਸ਼ ਪੱਤਰ ਤਿਆਰ ਕਰ ਰਹੀ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੀਬੀਅਈ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵੀਡੀਉ ਵਿਚ ਦੇਖਿਆ ਗਿਆ ਹੈ | (ਪੀਟੀਆਈ)
ਕੀ ਹੈ ਮਾਮਲਾ
ਨਾਰਦ ਟੀ. ਵੀ. ਨਿਊਜ਼ ਚੈਨਲ ਦੇ ਮੈਥਿਊ ਸੈਮੁਅਲ ਨੇ 2014 'ਚ ਸਟਿੰਗ ਆਪਰੇਸ਼ਨ ਕੀਤਾ ਸੀ, ਜਿਸ ਵਿਚ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) ਦੇ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਲਾਭ ਦੇ ਬਦਲੇ ਵਿਚ ਕੰਪਨੀ ਦੇ ਨੁਮਾਇੰਦਿਆਂ ਤੋਂ ਧਨ ਲੈਂਦੇ ਨਜ਼ਰ ਆਏ | ਇਹ ਟੇਪ ਪਛਮੀ ਬੰਗਾਲ ਵਿਚ 2016 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਕ ਹੋਈ ਸੀ | ਕੋਲਕਾਤਾ ਹਾਈ ਕੋਰਟ ਨੇ ਸਟਿੰਗ ਆਪਰੇਸ਼ਨ ਦੇ ਸਬੰਧ ਵਿਚ ਮਾਰਚ 2017 ਵਿਚ ਸੀ.ਬੀ.ਆਈ. ਜਾਂਚ ਦਾ ਹੁਕਮ ਦਿਤਾ ਸੀ | ਇਸ ਸਟਿੰਗ ਵਿਚ ਉਕਤ ਆਗੂ ਲੱਖਾਂ ਰੁਪਏ ਦੀ ਰਿਸ਼ਵਤ ਲੈਂਦੇ ਦਿਖਾਈ ਦੇ ਰਹੇ ਹਨ |
ਅਪਣੇ ਮੰਤਰੀਆਂ ਦੀ ਗਿ੍ਫ਼ਤਾਰੀ ਤੋਂ ਬਾਅਦ ਮਮਤਾ ਪਹੁੰਚੀ ਸੀਬੀਆਈ ਦਫ਼ਤਰ
ਭਾਜਪਾ ਪ੍ਰਧਾਨ ਨੇ ਮਮਤਾ ਵਿਰੁਧ ਪਰਚਾ ਦਰਜ ਕਰਵਾਇਆ
ਕੋਲਕਾਤਾ, 17 ਮਈ : ਨਾਰਦ ਸਟਿੰਗ ਆਪਰੇਸ਼ਨ ਮਾਮਲੇ ਵਿਚ ਗਿ੍ਫ਼ਤਾਰ ਦੋ ਮੰਤਰੀਆਂ ਅਤੇ ਤਿ੍ਣਮੂਲ ਕਾਂਗਰਸ ਦੇ ਇਕ ਵਿਧਾਇਕ ਦੀ ਗਿ੍ਫ਼ਤਾਰੀ ਤੋਂ ਬਾਅਦ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੋਮਵਾਰ ਨੂੰ ਕੋਲਕਾਤਾ ਵਿਚ ਸੀਬੀਆਈ ਦਫ਼ਤਰ ਪਹੁੰਚ ਗਈ | ਇਸ ਕਾਰਵਾਈ ਤੋਂ ਬਾਅਦ ਇਕ ਵਾਰ ਫਿਰ ਕੇਂਦਰੀ ਮੰਤਰੀ ਤੇ ਬੰਗਾਲ ਸਰਕਾਰ ਵਿਚਾਲੇ ਤਲਖ਼ੀ ਵਿਖਾਈ ਦਿਤੀ | ਅਪਣੇ ਮੰਤਰੀਆਂ ਤੋਂ ਪੁੱਛਗਿਛ ਵਿਚਾਲੇ ਹੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੀਬੀਆਈ ਦਫ਼ਤਰ ਪਹੁੰਚੀ | ਉਨ੍ਹਾਂ ਸੀਬੀਆਈ ਨੂੰ ਕਿਹਾ ਕਿ ਤੁਸੀ ਮੈਨੂੰ ਵੀ ਗਿ੍ਫ਼ਤਾਰ ਕਰੋ | ਸਿਰਫ਼ ਟੀਐਮਸੀ ਆਗੂਆਂ 'ਤੇ ਹੀ ਕਾਰਵਾਈ ਕਿਉਂ ਹੋ ਰਹੀ ਹੈ? ਭਾਜਪਾ ਵਿਚ ਗਏ ਮੁਕੁਲ ਰਾਏ ਅਤੇ ਸ਼ੁਭੇਂਦੂ ਅਧਿਕਾਰੀ 'ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਇਸ ਵਿਚਾਲੇ ਸੀਆਰਪੀਐਫ਼, ਸੀਬੀਆਈ ਅਧਿਕਾਰੀਆਂ ਅਤੇ ਭਾਜਪਾ ਦਫ਼ਤਰ 'ਤੇ ਵੀ ਹਮਲੇ ਦੀਆਂ ਖ਼ਬਰਾਂ ਹਨ | ਇਸ ਤੋਂ ਬਾਅਦ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਸੂਬੇ ਵਿਚ ਫ਼ੈਲ ਰਹੀ ਹਿੰਸਾ 'ਤੇ ਮਮਤਾ ਬੈਨਰਜੀ ਵਿਰੁਧ ਪਰਚਾ ਦਰਜ ਕਰਵਾਇਆ ਹੈ | ਇਸ ਦੀ ਨਕਲ ਰਾਜਪਾਲ ਜਗਦੀਪ ਧਨਖੜ ਨੂੰ ਵੀ ਭੇਜੀ ਗਈ ਹੈ | (ਪੀਟੀਆਈ)