
ਸਿੱਧੂ-ਕੈਪਟਨ ਤਕਰਾਰ, ਕਾਂਗਰਸ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ
ਮੰਤਰੀ ਮੰਡਲ ਵਿਚ ਫੇਰ-ਬਦਲ ਹੁਣ ਅਗਲੇ ਮਹੀਨੇ
ਚੰਡੀਗੜ੍ਹ, 17 ਮਈ (ਜੀ.ਸੀ. ਭਾਰਦਵਾਜ) : ਧਾਰਮਕ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਮਾਮਲੇ ਨੇ ਜਿਥੇ ਪਿਛਲੇ ਚਾਰ ਸਾਲ ਤੋਂ ਵਧ ਸਮੇਂ ਨੇ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ 'ਤੇ ਪਰਦਾ ਪਾਈ ਰਖਿਆ, ਉਥੇ ਕਥਿਤ ਸਿਆਸੀ ਦੋਸ਼ੀਆਂ ਯਾਨੀ ਬਾਦਲਾਂ ਵਿਰੁਧ ਨਵਜੋਤ ਸਿੱਧੂ, ਮੰਤਰੀ ਸੁਖਜਿੰਦਰ ਰੰਧਾਵਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਤੇ ਹੋਰਨਾਂ ਵਲੋਂ ਮੁੱਖ ਮੰਤਰੀ ਵਿਰੁਧ ਕੱਢੀ ਭੜਾਸ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਯਕੀਨੀ ਜਿੱਤ 'ਤੇ ਜ਼ਬਰਦਸਤ ਸ਼ੰਕੇ ਖੜੇ ਕਰ ਦਿਤੇ ਹਨ |
ਰੋਜ਼ਾਨਾ ਸਪੋਕਸਮੈਨ ਵਲੋਂ ਸੀਨੀਅਰ ਸਿਆਸੀ ਨੇਤਾਵਾਂ, ਮੌਜੂਦਾ ਤੇ ਸਾਬਕਾ ਮੰਤਰੀਆਂ, ਮਾਹਰਾਂ, ਆਰਥਕ ਤੇ ਸਮਾਜਕ ਅੰਕੜਾ ਵਿਗਿਆਨੀਆਂ ਨਾਲ ਕੀਤੀ ਚਰਚਾ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨਾਲ ਸਬੰਧਤ ਤੇ ਉਨ੍ਹਾਂ ਦੀ ਧਰਮ ਪਤਨੀ ਤੇ ਨੇੜਲੇ ਪ੍ਰਾਪਰਟੀ ਬਿਲਡਰਾਂ ਵਲੋਂ ਕੀਤੇ ਤਿੰਨ ਸਾਲ ਪਹਿਲਾਂ ਘੁਟਾਲੇ ਦੀ ਫ਼ਾਈਲ ਖੋਲ੍ਹ ਕੇ ਉਸ ਨੂੰ ਡਰਾ ਲਿਆ ਹੈ ਤੇ ਸਿੱਧੂ ਨੇ ਹੁਣ ਨਿਸ਼ਾਨਾ ਸੁਖਬੀਰ ਬਾਦਲ ਵਲ ਕਰ ਲਿਆ ਹੈ |
ਮੁੱਖ ਮੰਤਰੀ ਦੇ ਨੇੜਲੇ ਇਕ ਸੀਨੀਅਰ ਕਾਂਗਰਸੀ ਨੇਤਾ ਨੇ ਦਸਿਆ ਕਿ ਸਿੱਧੂ ਹੁਣ ਕਿਸੇ ਹੋਰ ਦਲ 'ਚ ਜਾਣ ਵਾਲੀ ਹਾਲਤ ਵਿਚ ਨਹੀਂ ਅਤੇ ਮੁੱਖ ਮੰਤਰੀ ਨੇ ਪਾਰਟੀ ਅਤੇ ਸਰਕਾਰ ਦੇ ਭਵਿੱਖ ਨੂੰ ਹੋਰ ਜ਼ਿਆਦਾ ਨੁਕਸਾਨ ਤੋਂ ਬਚਾਉਣ ਵਾਸਤੇ ਮੰਤਰੀ ਮੰਡਲ 'ਚ ਫੇਰ-ਬਦਲ ਅਗਲੇ ਮਹੀਨੇ ਕਰਨ ਦਾ ਮਨ ਬਣਾਇਆ ਹੈ | ਪਾਰਟੀ ਪ੍ਰਧਾਨ ਜਾਖੜ ਦੇ ਪਰ ਕੁਤਰਨ ਦਾ ਪ੍ਰੋਗਰਾਮ ਵੀ ਟਾਲ ਦਿਤਾ ਗਿਆ ਹੈ |
ਇਕ ਹੋਰ ਤਜਰਬੇਕਾਰ ਕਾਂਗਰਸੀ ਨੇ ਦਸਿਆ ਕਿ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ 'ਤੇ ਦਾਗੀ ਤੇ ਭਿ੍ਸ਼ਟ ਮੰਤਰੀਆਂ ਸਮੇਤ ਇਕ-ਦੋ ਹੈਾਕੜਾਂ ਚਰਨਜੀਤ ਚੰਨੀ, ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ ਤੇ ਸੁਖਜਿੰਦਰ ਰੰਧਾਵਾ ਦੀ ਮੰਤਰੀ ਮੰਡਲ 'ਚੋਂ ਛੁੱਟੀ ਹੋ ਸਕਦੀ ਹੈ | ਇਕ ਪੋਸਟ ਪਹਿਲਾਂ ਖਾਲੀ ਹੋਣ ਕਰ ਕੇ 5 ਜਾਂ 6 ਥਾਂ ਭਰਨ ਵਾਸਤੇ ਰਾਣਾ ਗੁਰਜੀਤ, ਰਾਣਾ ਕੇ.ਪੀ., ਡਾ. ਰਾਜ ਕੁਮਾਰ ਵੇਰਕਾ, ਕਿੱਕੀ ਢਿੱਲੋਂ ਤੇ ਕੁਲਜੀਤ ਨਾਗਰਾ ਨੂੰ ਕੈਬਨਿਟ 'ਚ ਲਿਆ ਜਾ ਸਕਦਾ ਹੈ | ਵਿਜੈ ਇੰਦਰ ਸਿੰਗਲਾ ਨੂੰ ਮੰਤਰੀ ਤੋਂ ਹਟਾ ਕੇ ਸਪੀਕਰ ਦਾ ਅਹੁਦਾ
ਆਉਂਦੇ 6 ਮਹੀਨਿਆਂ ਲਈ ਦੇਣਾ ਵੀ ਤੈਅ ਹੈ | ਇਨ੍ਹਾਂ ਮਹੀਨਿਆਂ ਵਿਚ ਕੇਵਲ ਇਕ ਇਜਲਾਸ, ਉਹ ਵੀ ਦੋ ਦਿਨ ਦਾ ਹੋਵੇਗਾ, ਖਾਨਾਪੂਰਤੀ ਵਾਸਤੇ ਸਿੰਗਲਾ ਨੂੰ ਇਹੀ ਸਜ਼ਾ ਮਿਲੇਗੀ |
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਭੁਲੱਥ ਤੋਂ ''ਆਪ'' ਵਿਧਾਇਕ ਫਿਰ ਕਾਂਗਰਸ 'ਚ ਆਉਣ ਲਈ ਵਾਸਤਾ ਪਾ ਰਹੇ ਹਨ | ਤਰਲੋਮੱਛੀ ਹੋ ਰਹੇ ਸੁਖਪਾਲ ਖਹਿਰਾ ਦੀ ਡੱਟ ਕੇ ਮੁਖਾਲਫ਼ਤ ਰਾਣਾ ਗੁਰਜੀਤ ਕਰਦੇ ਹਨ ਤੇ ਮੁੱਖ ਮੰਤਰੀ ਨੂੰ ਇਸ ਦੀਆਂ ਕਰਤੂਤਾਂ ਦੱਸਦੇ ਰਹਿੰਦੇ ਹਨ | ਇਕ ਹੋਰ ਸੀਨੀਅਰ ਕਾਂਗਰਸੀ ਦਾ ਵਿਚਾਰ ਹੈ ਕਿ 7 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ 'ਚ ਗੁੱਟਬਾਜ਼ੀ ਦੀ ਸ਼ਿਕਾਰ ਕਾਂਗਰਸ ਦਾ ਮੁਕਾਬਲਾ ਲੱਕ ਟੁੱਟੇ ਅਕਾਲੀ ਦਲ ਨਾਲ ਹੋਣਾ ਜੋ ਚੋਣਾਂ ਤੋਂ ਬਾਅਦ ਬੀ.ਜੇ.ਪੀ. ਨਾਲ ਫਿਰ ਸਾਂਝ ਪਾ ਸਕਦਾ ਹੈ |