
ਪੁਲਿਸ ਭਰਤੀ 'ਚ ਘਪਲੇ ਕਾਰਨ ਜੈਰਾਮ ਠਾਕੁਰ ਅਸਤੀਫ਼ਾ ਦੇਣ : ਅਗਨੀਹੋਤਰੀ
ਹਿਮਾਚਲ ਪ੍ਰਦੇਸ਼ ਵਿਚ ਨੌਕਰੀਆਂ ਸ਼ਰੇਆਮ ਵੇਚਣ ਦਾ ਲਗਾਇਆ ਇਲਜ਼ਾਮ
ਚੰਡੀਗੜ੍ਹ, 17 ਮਈ (ਸੁਰਜੀਤ ਸਿੰਘ ਸੱਤੀ) : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਕਾਂਗਰਸੀ ਵਿਧਾਇਕ ਮੁਕੇਸ਼ ਅਗਨੀਹੋਤਰੀ ਨੇ ਇਥੇ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਪ੍ਰਦੇਸ਼ ਵਿਚਲੀ ਭਰਤੀਆਂ ਵਿਚ ਵੱਡੇ ਪੱਧਰ 'ਤੇ ਧਾਂਦਲੀਆਂ ਕਰਨ ਦਾ ਦੋਸ਼ ਲਗਾਉਂਦਿਆਂ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ 11 ਜ਼ਿਲਿ੍ਹਆਂ ਵਿਚ ਹੋਈ ਪੁਲਿਸ ਭਰਤੀ ਪਹਿਲਾਂ ਸਾਲ 2020 ਵਿੱਚ ਵਿਵਾਦ ਵਿੱਚ ਆਈ ਤੇ ਇਹ ਭਰਤੀ ਰੱਦ ਹੋ ਗਈ ਤੇ ਹੁਣ 2022 ਵਿਚ ਸਰੀਰਕ ਪ੍ਰੀਖਿਆ ਉਪਰੰਤ ਲਿਖਤੀ ਪ੍ਰੀਖਿਆ ਵਿਚ ਛੇ ਤੋਂ ਲੈ ਕੇ ਅੱਠ ਲੱਖ ਰੁਪਏ ਵਿਚ ਪ੍ਰਸ਼ਨ ਪੱਤਰ ਵਿਕਿਆ ਤੇ ਭਰਤੀ ਫੇਰ ਵਿਵਾਦਾਂ ਵਿਚ ਆ ਗਈ |
ਉਨ੍ਹਾਂ ਕਿਹਾ ਕਿ ਇਹ ਵੱਡਾ ਭਰਤੀ ਘਪਲਾ ਹੈ | ਕੁਲ 1700 ਅਸਾਮੀਆਂ ਲਈ ਇਸ ਪ੍ਰੀਖਿਆ ਵਿੱਚ ਇੱਕ ਲੱਖ 87 ਹਜਾਰ 476 ਉਮੀਦਵਾਰਾਂ ਨੇ ਬਿਨੈ ਕੀਤਾ ਤੇ 75839 ਉਮੀਦਵਾਰਾਂ ਨੇ ਲਿਖਤੀ ਪ੍ਰੀਖਿਆ ਦਿੱਤੀ ਤੇ ਕੁਲ 26346 ਉਮੀਦਵਾਰ ਪਾਸ ਹੋਏ | ਬਾਅਦ ਵਿੱਚ ਜਦੋਂ ਇੰਟਰਵਿਊ ਹੋਈ ਤਾਂ ਅਨੇਕ ਉਮੀਦਵਾਰਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਨਾਮ ਤੱਕ ਦਾ ਪਤਾ ਨਾ ਹੋਣ ਕਾਰਨ ਸ਼ੱਕ ਹੋਇਆ ਤਾਂ ਗੱਲ ਸਾਹਮਣੇ ਆਈ ਕਿ ਪ੍ਰਸ਼ਨ ਪੱਤਰ ਵੱਡੇ ਪੱਧਰ 'ਤੇ ਵਿਕਿਆ ਤੇ ਭਰਤੀ ਕਰਵਾਉਣ ਵਾਲੀ ਏਜੰਸੀ ਦੇ ਅਫਸਰਾਂ ਨੇ ਹਰਿਆਣਾ ਤੇ ਚੰਡੀਗੜ੍ਹ ਵਿੱਚ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਦੇ ਰੱਟੇ ਲਗਵਾ ਕੇ ਪਾਸ ਕਰਵਾਇਆ |
ਅਗਨੀਹੋਤਰੀ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਅਫ਼ਸਰਾਂ ਦੀ ਹੀ ਸਿੱਟ ਬਣਾ ਦਿੱਤੀ, ਜਦਕਿ ਉਨ੍ਹਾਂ ਪੁਲਿਸ ਅਫ਼ਸਰਾਂ ਨੇ ਹੀ ਇਹ ਭਰਤੀ ਪ੍ਰਕਿਰਿਆ ਚਲਾਈ ਸੀ | ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਜਾਂ ਫੇਰ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਵਿੱਚ ਨਿਆਇਕ ਜਾਂਚ ਹੋਵੇ |
ਉਨ੍ਹਾਂ ਕਿਹਾ ਕਿ ਕਿਉਂਕਿ ਮਾਮਲਾ ਗ੍ਰਹਿ ਵਿਭਾਗ ਵਿੱਚ ਭਰਤੀ ਨਾਲ ਜੁੜਿਆ ਹੋਇਆ ਹੈ ਤੇ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਹੈ, ਲਿਹਾਜਾ ਸੀਐਮ ਜੈਰਾਮ ਠਾਕੁਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ |