
ਕਰਨਾਟਕ ਵਿਚ ਸਕੂਲ ਦੀ ਕਿਤਾਬ ਵਿਚੋਂ ਭਗਤ ਸਿੰਘ ਨਾਲ ਸਬੰਧਤ ਪਾਠ ਨੂੰ ਹਟਾਉਣਾ ਸ਼ਹੀਦ ਦਾ ਅਪਮਾਨ: ਕੇਜਰੀਵਾਲ
ਨਹੀਂ ਝੂਠ ਨਾ ਫੈਲਾਉ, ਭਗਤ ਸਿੰਘ ਵਾਲੇ ਅਧਿਆਏ ਨਹੀਂ ਹਟਾਇਆ : ਬੀਜੇਪੀ
ਨਵੀਂ ਦਿੱਲੀ, 17 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰਨਾਟਕ ਵਿਚ ਇਕ ਸਕੂਲ ਦੀ ਕਿਤਾਬ ਵਿਚੋਂ ਭਗਤ ਸਿੰਘ 'ਤੇ ਆਧਾਰਿਤ ਪਾਠ ਨੂੰ ਹਟਾਉਣ ਲਈ ਮੰਗਲਵਾਰ ਨੂੰ ਦਖਣੀ ਰਾਜ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ 'ਤੇ ਹਮਲਾ ਬੋਲਿਆ | ਉਨ੍ਹਾਂ ਕਿਹਾ ਕਿ ਇਹ ਕਦਮ ਮਹਾਨ ਆਜ਼ਾਦੀ ਘੁਲਾਟੀਏ ਦੀ ਸ਼ਹਾਦਤ ਦਾ ਅਪਮਾਨ ਹੈ ਅਤੇ ਕਰਨਾਟਕ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ |
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਟਵੀਟ ਕੀਤਾ ਕਿ ਦੇਸ਼ ਅਪਣੇ ਸ਼ਹੀਦਾਂ ਦਾ ਇਸ ਤਰ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ | ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਇਸ ਦੇ ਲੋਕ ਭਗਤ ਸਿੰਘ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ |
ਇਸ ਦੌਰਾਨ ਕਰਨਾਟਕ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਿਖਿਆ ਮੰਤਰੀ ਬੀ.ਸੀ. ਨਾਗੇਸ਼ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੋਧੀ ਹੋਈ ਪਾਠ ਪੁਸਤਕ ਵਿਚ ਹੇਡਗੇਵਾਰ ਦੇ ਭਾਸ਼ਣ ਨੂੰ ਸ਼ਾਮਲ ਕਰਨ ਦੇ ਫ਼ੈਸਲੇ ਦਾ ਬਚਾਅ ਕੀਤਾ ਹੈ | ਉਨ੍ਹਾਂ ਕਿਹਾ, Tਹੇਡਗੇਵਾਰ ਜਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਬਾਰੇ ਪਾਠ ਪੁਸਤਕ ਵਿਚ ਕੁੱਝ ਵੀ ਨਹੀਂ ਹੈ | ਇਸ ਵਿਚ ਸਿਰਫ਼ ਹੇਡਗੇਵਾਰ ਦਾ ਭਾਸ਼ਣ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਦਸਿਆ ਸੀ ਕਿ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਕਿਨ੍ਹਾਂ ਚੀਜ਼ਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ | ਇਤਰਾਜ਼ ਕਰਨ ਵਾਲਿਆਂ ਨੇ ਪਾਠ ਪੁਸਤਕ ਪੜ੍ਹੀ ਹੀ ਨਹੀਂ |'' (ਏਜੰਸੀ)