
ਤਾਰਾਂ ‘ਚ ਸ਼ਾਰਟ ਸਰਕਟ ਨਾਲ ਵਾਪਰਿਆ ਹਾਦਸਾ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਵਿਚ ਦੇਰ ਰਾਤ ਅੱਗ ਲੱਗ ਗਈ। ਜਦੋਂ ਦੁਕਾਨਦਾਰ ਦੁਕਾਨ ਦੇ ਅੰਦਰ ਗਾਹਕਾਂ ਨੂੰ ਚੁੰਨੀ ਆਦਿ ਦਿਖਾ ਰਿਹਾ ਸੀ ਤਾਂ ਅਚਾਨਕ ਦੁਕਾਨ ਦੇ ਬਾਹਰ ਤਾਰਾਂ ਵਿਚ ਸ਼ਾਰਟ ਸਰਕਟ ਹੋ ਗਿਆ। ਦੁਕਾਨਦਾਰ ਅਤੇ ਗਾਹਕ ਆਪਣੀ ਜਾਨ ਬਚਾਉਂਦੇ ਹੋਏ ਦੁਕਾਨ ਤੋਂ ਬਾਹਰ ਭੱਜ ਗਏ।
ਇਸ ਦੌਰਾਨ ਦੁਕਾਨ ਵਿਚ ਪਏ ਕੱਪੜਿਆਂ ਅਤੇ ਚੁੰਨੀਆਂ ਆਦਿ ਨੂੰ ਅੱਗ ਲੱਗ ਗਈ। ਦੁਕਾਨਦਾਰ ਨੂੰ ਕੁਝ ਸਮਝ ਆਉਣ ਤੱਕ ਅੱਗ ਪੂਰੀ ਦੁਕਾਨ ਵਿਚ ਫੈਲ ਗਈ।
ਪੂਰੇ ਬਾਜ਼ਾਰ ਵਿਚ ਭਿਆਨਕ ਅੱਗ ਦੀਆਂ ਲਪਟਾਂ ਦਿਖਾਈ ਦੇਣ ਲੱਗ ਪਈਆਂ। ਦੁਕਾਨਦਾਰਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦੁਕਾਨਦਾਰਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਦਿਤੀ।
ਘਟਨਾ ਵਾਲੀ ਥਾਂ 'ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਮੋਰਚਾ ਸੰਭਾਲ ਲਿਆ ਹੈ। ਅੱਗ ਵਧਣ ਕਾਰਨ ਆਸਪਾਸ ਦੀਆਂ ਕਈ ਦੁਕਾਨਾਂ ਨੂੰ ਖਾਲੀ ਕਰਵਾਉਣਾ ਪਿਆ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਉਹ ਕਈ ਵਾਰ ਪਾਵਰਕਾਮ ਨੂੰ ਬਜ਼ਾਰਾਂ ਵਿਚ ਤਾਰਾਂ ਦੇ ਜਾਲ ਨਾ ਲੱਗਣ ਦੇਣ ਲਈ ਕਹਿ ਚੁੱਕੇ ਹਨ। ਸ਼ਾਰਟ ਸਰਕਟ ਵਰਗੇ ਹਾਦਸੇ ਤੋਂ ਬਾਅਦ ਅੱਗ ਲੱਗਣ ਦਾ ਖਤਰਾ ਹੈ। ਦੁਕਾਨਦਾਰਾਂ ਅਨੁਸਾਰ ਸ਼ਾਰਟ ਸਰਕਟ ਕਾਰਨ ਜਿੱਥੇ ਪੂਰੇ ਬਾਜ਼ਾਰ ਵਿਚ ਬਿਜਲੀ ਗੁੱਲ ਹੋ ਗਈ, ਉਥੇ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ।
ਫਾਇਰ ਬ੍ਰਿਗੇਡ ਦੀਆਂ 5 ਤੋਂ 6 ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਦੁਕਾਨਦਾਰ ਜਤਿੰਦਰ ਕੁਮਾਰ ਨੇ ਦਸਿਆ ਕਿ ਉਸ ਦਾ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।