
ਡਾ. ਅੰਬੇਡਕਰ ਚੈਂਬਰ ਆਫ ਕਾਮਰਸ ਵੱਲੋਂ ਉੱਤਰਾਖੰਡ ਚੈਪਟਰ ਦੀ ਸ਼ੁਰੂਆਤ
ਲੁਧਿਆਣਾ: ਭਾਜਪਾ ਪੰਜਾਬ ਦੇ ਸੂਬਾ ਉਪ-ਪ੍ਰਧਾਨ, ਡਾ. ਅੰਬੇਡਕਰ ਚੈਂਬਰ ਆਫ ਕਾਮਰਸ (ਡੀਏਸੀਸੀ) ਦੇ ਡਾਇਰੈਕਟਰ ਜਨਰਲ ਅਤੇ ਐਸਸੀ-ਐਸਟੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਰਾਸ਼ਟਰੀ ਫੋਰਮ ਦੇ ਕਾਰਜਕਾਰੀ ਪ੍ਰਧਾਨ ਸ. ਇੰਦਰ ਇਕਬਾਲ ਸਿੰਘ ਅਟਵਾਲ ਨੇ ਦੇਵ ਭੂਮੀ ਉੱਤਰਾਖੰਡ ਦੇ ਮਾਣਯੋਗ ਰਾਜਪਾਲ ਅਤੇ ਭਾਰਤੀ ਫੌਜ ਦੇ ਸਾਬਕਾ ਉਪ ਮੁਖੀ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਜੀ ਨਾਲ ਰਾਜਭਵਨ, ਦੇਹਰਾਦੂਨ ਵਿਖੇ ਮਹੱਤਵਪੂਰਨ ਮੁਲਾਕਾਤ ਕੀਤੀ।
ਇਸ ਦੌਰਾਨ ਅਟਵਾਲ ਨੇ ਰਾਜਪਾਲ ਸਾਹਿਬ ਨੂੰ ਡੀਏਸੀਸੀ ਵੱਲੋਂ ਉੱਤਰਾਖੰਡ ਰਾਜ ਵਿੱਚ ਨਵੇਂ ਚੈਪਟਰ ਦੀ ਸ਼ੁਰੂਆਤ ਲਈ ਜਲਦ ਹੋਣ ਵਾਲੇ ਲਾਂਚਿੰਗ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਡਾ. ਅੰਬੇਡਕਰ ਚੈਂਬਰ ਆਫ ਕਾਮਰਸ ਦੇਵ ਭੂਮੀ ਵਿੱਚ ਆਰਥਿਕ ਅਤੇ ਸਮਾਜਕ ਜਾਗਰੂਕਤਾ ਦੀ ਨਵੀਂ ਲਹਿਰ ਦੀ ਸ਼ੁਰੂਆਤ ਕਰੇਗਾ। ਉੱਥੇ ਹੀ ਪਿੱਛੜੇ ਅਤੇ ਮੌਕੇ ਤੋਂ ਵੰਜੇ ਹੋਏ ਵਰਗਾਂ ਲਈ ਇਹ ਚੈਪਟਰ ਆਸ ਦੀ ਕਿਰਣ ਸਾਬਤ ਹੋਵੇਗਾ।"
ਸ. ਅਟਵਾਲ ਨੇ ਜ਼ੋਰ ਦੇ ਕੇ ਕਿਹਾ ਕਿ, “ਉੱਤਰਾਖੰਡ ਵਿੱਚ ਡੀਏਸੀਸੀ ਦੀ ਮੌਜੂਦਗੀ ਪਿੱਛੜੇ ਵਰਗਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਅਤੇ ਪਹੁੰਚ ਦਿਵਾਏਗੀ। ਸਾਡਾ ਵਿਸ਼ਵਾਸ ਹੈ ਕਿ ਆਤਮਨਿਰਭਰਤਾ ਰਾਹੀਂ ਹੀ ਪਿੱਛੜੇ ਵਰਗਾਂ ਨੂੰ ਸਨਮਾਨ ਅਤੇ ਅਸਲ ਹੱਕ ਮਿਲ ਸਕਦੇ ਹਨ।
ਇਸ ਮੁਲਾਕਾਤ ਦੌਰਾਨ ਮਾਣਯੋਗ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਇਹ ਸੱਦਾ ਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਡਾ. ਅੰਬੇਡਕਰ ਚੈਂਬਰ ਆਫ ਕਾਮਰਸ ਵਾਂਗ ਸੰਸਥਾਵਾਂ ਪਿੱਛੜੀਆਂ ਜਮਾਤਾਂ ਦੀ ਆਵਾਜ਼ ਬਣ ਰਹੀਆਂ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਰਾਜਭਵਨ ਅਤੇ ਉੱਤਰਾਖੰਡ ਸਰਕਾਰ ਵਲੋਂ ਲਾਂਚਿੰਗ ਸਮਾਰੋਹ ਤੇ ਜਾਗਰੂਕਤਾ ਪ੍ਰੋਗਰਾਮ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਸ. ਅਟਵਾਲ ਨੇ ਅੰਤ ਵਿੱਚ ਕਿਹਾ ਕਿ ਉਨ੍ਹਾਂ ਇਹ ਸੰਕਲਪ ਲਿਆ ਹੈ ਕਿ ਡੀਏਸੀਸੀ ਦਾ ਇਹ ਅਧਿਆਇ ਉੱਤਰਾਖੰਡ ਦੇ ਹਰ ਪਿੰਡ, ਹਰ ਨੌਜਵਾਨ ਅਤੇ ਹਰ ਉਮੀਦਵਾਰ ਤੱਕ ਪਹੁੰਚੇ, ਤਾਂ ਜੋ ਪਿੱਛੜੇ ਵਰਗ ਆਤਮਨਿਰਭਰ ਬਣ ਸਕਣ ਅਤੇ ਕੇਂਦਰ ਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਪੂਰੀ ਜਾਣਕਾਰੀ ਜਨ-ਜਨ ਤਕ ਪਹੁੰਚ ਸਕੇ।