
ਬਿਜਲੀ ਕਾਰਪੋਰੇਸ਼ਨ ਦੀ 8000 ਕਰੋੜ ਦੀ ਚੋਰੀ ਨਾਲਾਇਕੀ ਕਰ ਕੇ ਹੋ ਰਹੀ
ਚੰਡੀਗੜ੍ਹ, 17 ਜੂਨ (ਜੀ.ਸੀ .ਭਾਰਦਵਾਜ): ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖ਼ਾਨ ਵਲੋਂ ਐਕਟ ਵਿਚ ਕੀਤੀ ਉਸ ਤਰਮੀਮ ਦਾ ਡੱਟ ਕੇ ਵਿਰੋਧ ਕੀਤਾ ਹੈ ਜਿਸ ਸੋਧ ਕਰ ਕੇ ਪੰਜਾਬੀ ਭਾਸ਼ਾ ਦੀ ਮੈਟ੍ਰਿਕ ਤਕ ਪੜ੍ਹਾਈ ਨੂੰ ਅੱਖੋਂ ਪਰੋਖੇ ਕੀਤਾ ਹੈ। ਵਕਫ਼ ਬੋਰਡ ਵਿਚ ਹੁਣ ਕਿਸੇ ਵੀ ਨਿਯੁਕਤੀ ਵਾਸਤੇ ਪੰਜਾਬੀ ਭਾਸ਼ਾ ਦਾ ਗਿਆਨ ਜਾਂ ਸਰਟੀਫ਼ੀਕੇਟ ਲਾਜ਼ਮੀ ਨਹੀਂ ਹੋਵੇਗਾ।
ਅੱਜ ਇਸ ਤਰਮੀਮ ਵਿਰੁਧ ਬੋਲਦੇ ਹੋਏ ਸੀਨੀਅਰ ਅਕਾਲੀ ਦਲ ਨੇਤਾ ਤੇ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮੀਡੀਆ ਨੂੰ ਦਸਿਆ ਕਿ ਕਾਂਗਰਸ ਸਰਕਾਰ ਵਲੋਂ ਯੂ.ਪੀ. ਤੋਂ ਲਿਆ ਕੇ ਇਸ ਚੇਅਰਮੈਨ ਦੀ ਨਿਯੁਕਤੀ ਨਾਲ ਪੰਜਾਬੀ ਭਾਸ਼ਾ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ 10 ਮੈਂਬਰੀ ਬੋਰਡ ਵਲੋਂ ਕੀਤੀ ਇਹ ਤਰਮੀਮ ਰੱਦ ਕੀਤੀ ਜਾਵੇ। ਡਾ. ਚੀਮਾ ਨੇ ਦਸਿਆ ਕਿ ਬੋਰਡ ਦੇ ਇਸ ਨਵੇਂ ਫ਼ੈਸਲੇ ਦੀ 5 ਮੈਂਬਰਾਂ ਨੇ ਵਿਰੋਧਤਾ ਵੀ ਕੀਤੀ ਸੀ ਪਰ ਚੇਅਰਮੈਨ ਨੇ ਅਪਣੀ ਵੋਟ ਨਾਲ ਪੰਜਾਬੀ ਭਾਸ਼ਾ ਵਿਰੋਧ ਵਾਲਾ ਫ਼ੈਸਲਾ ਥੋਪ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਚੇਅਰਮੈਨ ਨੂੰ ਹਟਾ ਕੇ ਪੰਜਾਬ ਤੋਂ ਕੋਈ ਨਿਯੁਕਤੀ ਕੀਤੀ ਜਾਵੇ।
ਪਟਿਆਲਾ ਸਥਿਤ ਬਿਜਲੀ ਕਾਰਪੋਰੇਸ਼ਨ ਦੇ ਕੰਟਰੋਲ ਹੇਠਾਂ 12 ਡਿਵੀਜ਼ਨਾਂ ਵਿਚੋਂ ਬਿਜਲੀ ਚੋਰੀ ਅਤੇ ਟਰਾਂਸਮਿਸ਼ਨ ਲਾਈਨਾਂ ਰਾਹੀਂ ਘਾਟਾ 25 ਫ਼ੀ ਸਦੀ ਹੋਣ ਨੂੰ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਡਾ. ਚੀਮਾ ਨੇ ਕਿਹਾ ਕਿ ਕੁਲ 32,000 ਕਰੋੜ ਦੇ ਮਾਲੀਏ ਉਗਰਾਹੀ ਵਾਲੀ ਇਹ ਕਾਰਪੋਰੇਸ਼ਨ ਇਕ ਮੋਟੇ ਅੰਦਾਜ਼ੇ ਮੁਤਾਬਕ 8000 ਕਰੋੜ ਦੀ ਚੋਰੀ ਰੋਕਣ ਵਿਚ ਅਸਫ਼ਲ ਰਹੀ ਹੈ।
ਰੈਗੂਲੇਟਰੀ ਕਮਿਸ਼ਨ ਨੂੰ ਭੇਜੀ ਰੀਪੋਰਟ ਵਿਚ ਕਾਰਪੋਰੇਸ਼ਨ ਨੇ ਮੰਨਿਆ ਹੈ ਕਿ ਬਿਜਲੀ ਸਟਾਫ਼ ਖ਼ਤਰੇ ਵਾਲੀ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਦਾ ਹੈ। ਡਾ. ਚੀਮਾ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ, ਅਹੁਦੇਦਾਰ, ਵਰਕਰ ਭਲਕੇ ਜ਼ਿਲ੍ਹਾ ਮੁਕਾਮ ’ਤੇ ਡਿਪਟੀ ਕਮਿਸ਼ਨਰਾਂ ਨੂੰ ਅਨਾਜ ਘਪਲੇ, ਸ਼ਰਾਬ ਮਾਫ਼ੀਏ, ਐਕਸਾਈਜ਼ ਦੀ ਚੋਰੀ ਸਮੇਤ 12 ਮੁੱਦਿਆਂ ਨੂੰ ਲੈ ਕੇ ਰੋਸ ਮੁਜ਼ਾਹਰੇ ਕਰੇਗਾ ਅਤੇ ਮੰਗ ਪੱਤਰ ਸੌਂਪੇਗਾ। ਇਹ ਮੰਗ ਪੱਤਰ ਜ਼ਿਲ੍ਹਾ ਅਧਿਕਾਰੀ ਰਾਜਪਾਲ ਨੂੰ ਭੇਜ ਦੇਣਗੇ।