
ਮਾਮਲਾ ਪਿੰਡ ਬਾਊਲੀ ਆਲੋਵਾਲ ਦੇ ਦੋ ਭਰਾਵਾਂ ਦੇ ਕਤਲ ਦਾ
ਧਾਰੀਵਾਲ, 17 ਜੂਨ (ਇੰਦਰ ਜੀਤ): ਬੀਤੇ ਦਿਨ ਪਿੰਡ ਬਾਊਲੀ ਆਲੋਵਾਲ ਵਿਚ ਸਾਬਕਾ ਫ਼ੌਜੀ ਵਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਸਕੇ ਭਰਾਵਾਂ ਦੇ ਕੀਤੇ ਕਤਲ ਦੇ ਮਾਮਲੇ ਵਿਚ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਧਾਰੀਵਾਲ ਨੈਸ਼ਨਲ ਬਾਈਪਾਸ ਉਤੇ ਲਗਭਗ ਪੰਜ ਘੰਟੇ ਚੱਕਾ ਜਾਮ ਲਗਾ ਕੇ ਪੁਲਿਸ ਅਤੇ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕਰ ਕੇ ਇਨਸਾਫ਼ ਦੇਣ ਦੀ ਮੰਗ ਕੀਤੀ।
ਦਸਣਯੋਗ ਹੈ ਕਿ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਵਾਸੀ ਪਿੰਡ ਬਾਊਲੀ ਆਲੋਵਾਲ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਅਪਣੇ ਹੋਰ ਪਰਵਾਰਕ ਮੈਂਬਰਾਂ ਦੇ ਦੋਨਾਲੀ ਦੀ ਵਰਤੋਂ ਕਰਦਿਆਂ ਗਗਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰਾਨ ਅਜੀਤ ਸਿੰਘ ਵਾਸੀ ਪਿੰਡ ਕੋਟ ਸੰਤੋਖ ਰਾਏ ਨੂੰ ਗੋਲੀਆ ਮਾਰ ਕੇ ਮੌਤ ਘਾਟ ਉਤਾਰ ਦਿਤਾ ਸੀ। ਜਿਸ ਦੇ ਸਬੰਧ ਵਿਚ ਭਾਵੇਂ ਥਾਣਾ ਧਾਰੀਵਾਲ ਦੀ ਪੁਲਿਸ ਨੇ ਪੰਜ ਅਤੇ ਇਕ ਅਣਪਛਾਤੇ ਵਿਰੁਧ ਕੇਸ ਦਰਜ ਕਰ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਨ ਉਪਰੰਤ ਉਨ੍ਹਾਂ ਦੇ ਸਸਕਾਰ ਲਈ ਵਾਰਸਾਂ ਨੂੰ ਦੇ ਦਿਤੀਆਂ ਸਨ
ਪਰ ਪਰਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਸਮੇਤ ਧਾਰੀਵਾਲ ਬਾਈਪਾਸ ਨਜ਼ਦੀਕ ਤਰੀਜਾ ਨਗਰ ਜੀ.ਟੀ.ਰੋਡ ਉਤੇ ਦੋਵੇ ਲਾਸ਼ਾਂ ਨੂੰ ਨਾਲ ਲੈ ਕੇ ਸਵੇਰੇ ਕਰੀਬ 10 ਵਜੇ ਚੱਕਾ ਜਾਮ ਕਰ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁਧ ਸਖ਼ਤ ਨਾਹਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਮ੍ਰਿਤਕਾਂ ਦੀਆਂ ਪਤਨੀਆਂ ਸੁਖਜਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ, ਮਾਤਾ ਜੋਗਿੰਦਰ ਕੌਰ ਅਤੇ ਭੈÎਣ ਸੰਦੀਪ ਕੌਰ ਨੂੰ ਪੈਨਸ਼ਨ ਅਤੇ ਮ੍ਰਿਤਕਾਂ ਦੇ ਸਾਊਦੀ ਅਰਬ ਵਿਚ ਫਸੇ ਭਰਾ ਲਵਪ੍ਰੀਤ ਸਿੰਘ ਨੂੰ ਜਲਦ ਵਿਦੇਸ਼ ਤੋਂ ਘਰ ਵਾਪਸ ਲਿਆਉਣ ਦੀ ਮੰਗ ਕੀਤੀ।
File Photo
ਜਿਸ ਦੇ ਚਲਦਿਆਂ ਲਗਭਗ ਪੰਜ ਘੰਟੇ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਦੇ ਆਦੇਸ਼ਾਂ ਅਨੁਸਾਰ ਤਹਿਸੀਲਦਾਰ ਗੁਰਦਾਸਪੁਰ ਅਰਵਿੰਦਰ ਸਲਵਾਨ, ਐਸ.ਪੀ. ਹਰਵਿੰਦਰ ਸਿੰਘ ਸੰਧੂ, ਡੀ.ਐਸ.ਪੀ. ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਮੁਖੀ ਮਨਜੀਤ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਦਸਿਆ ਕਿ ਉਨ੍ਹਾਂ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਘਟਨਾ ਵਿਚ ਵਰਤੇ ਗਏ
ਅਸਲੇ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਮ੍ਰਿਤਕਾਂ ਦੀਆਂ ਪਤਨੀਆਂ ਨੂੰ ਸਰਕਾਰੀ ਨੌਕਰੀ, ਮਾਤਾ ਅਤੇ ਭੈਣ ਨੂੰ ਪੈਨਸ਼ਨ ਅਤੇ ਵਿਦੇਸ਼ ਵਿਚ ਫਸੇ ਭਰਾ ਨੂੰ ਵਾਪਸ ਲਿਆਉਣ ਲਈ ਉਪਰਾਲੇ ਕੀਤੇ ਜਾਣਗੇ ਜਿਸ ਤੋਂ ਬਾਅਦ ਲਗਭਗ ਪੰਜ ਘੰਟੇ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ ਅਤੇ ਮ੍ਰਿਤਕ ਦੇਹਾਂ ਨੂੰ ਸਸਕਾਰ ਲਈ ਪਿੰਡ ਲੈ ਗਏ