
ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਤ੍ਰਿਪਤ ਬਾਜਵਾ ਵਲੋਂ ਵਧਾਈ
ਚੰਡੀਗੜ੍ਹ, 17 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਸਰਕਾਰ ਨੇ ਸ਼ਲਾਘਾਯੋਗ ਪ੍ਰਾਪਤੀਆਂ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਲਈ ਸਾਲ 2018-19 ਦੇ ਪੁਰਸਕਾਰਾਂ ਦਾ ਐਲਾਨ ਕਰ ਦਿਤਾ ਹੈ। ਪੰਜਾਬ ਦੀਆਂ ਦੋ ਬਲਾਕ ਸੰਮਤੀਆਂ, 9 ਪੰਚਾਇਤਾਂ, ਇਕ ਗਰਾਮ ਸਭਾ ਅਤੇ ਇਕ ਜ਼ਿਲ੍ਹਾ ਪ੍ਰੀਸ਼ਦ ਦੀ ਇਨ੍ਹਾਂ ਰਾਸ਼ਟਰੀ ਪੁਰਸਕਾਰ ਲਈ ਚੋਣ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵਲੋਂ ਵਧੀਆ ਕਾਰਗੁਜ਼ਾਰੀ ਅਤੇ ਪਿੰਡਾਂ ਦੇ ਵਿਕਾਸ ਵਿਚ ਚੰਗਾ ਯੋਗਦਾਨ ਪਾਉਣ ਵਾਲੀਆਂ ਪੰਚਾਇਤਾਂ ਨੂੰ ਪੰਚਾਇਤੀ ਦਿਵਸ 24 ਅਪ੍ਰੈਲ ਨੂੰ ਇਨਾਮ ਰਾਸ਼ੀ ਰਾਹੀਂ ਸਨਮਾਨਤ ਕੀਤੇ ਜਾਣ ਦਾ ਉਪਬੰਧ ਹੈ। ਪਰ ਇਸ ਸਾਲ ਕੋਵਿਡ-19 ਕਾਰਨ ਇਨ੍ਹਾਂ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਭਾਰਤ ਸਰਕਾਰ ਵਲੋਂ 16, ਜੂਨ 2020 ਨੂੰ ਕੀਤਾ ਗਿਆ ਹੈ।
ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਸੰਸਥਾਵਾਂ ਦੀ ਮਿਹਨਤ ਨਾਲ ਪੰਜਾਬ ਦਾ ਨਾਂ ਕੌਮੀ ਪੱਧਰ 'ਤੇ ਹੋਰ ਚਮਕਿਆ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਪੰਚਾਇਤੀ ਸੰਸਥਾਵਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣ ਦੇ ਨਾਲ-ਨਾਲ ਕੰਮ ਕਰਨ ਦਾ ਢੰਗ ਵੀ ਸਿੱਖਣਾ ਚਾਹੀਦਾ ਹੈ। ਮੰਤਰੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਹੋਰ ਮਜਬੂਤ ਕਰਨ ਲਈ ਠੋਸ ਕਦਮ ਉਠਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੀ ਵਿਤੀ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਨੇ ਦਸਿਆ ਕਿ ਪੰਜਾਬ ਦੀਆਂ 7 ਗਰਾਮ ਪੰਚਾਇਤਾਂ, 2 ਬਲਾਕ ਪੰਚਾਇਤ ਅਤੇ 1 ਜ਼ਿਲ੍ਹਾ ਪ੍ਰੀਸ਼ਦ ਨੂੰ ਵਧੀਆ ਕਾਰਗੁਜ਼ਾਰੀ ਲਈ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੁਣਿਆ ਗਿਆ ਹੈ। ਜਿਨ੍ਹਾਂ ਵਿਚ ਜ਼ਿਲ੍ਹਾ ਪ੍ਰੀਸ਼ਦ- ਮੁਕਤਸਰ ਨੂੰ 50 ਲੱਖ, ਬਲਾਕ ਸੰਮਤੀ ਮਾਛੀਵਾੜਾ - ਬਲਾਕ- ਮਾਛੀਵਾੜਾ, ਜ਼ਿਲ੍ਹਾ- ਲੁਧਿਆਣਾ, ਨਵਾਂ ਸਹਿਰ- ਬਲਾਕ- ਐਸ.ਬੀ.ਐਸ. ਨਗਰ-ਜ਼ਿਲ੍ਹਾ- ਐਸ.ਬੀ.ਐਸ. ਨਗਰ ਨੂੰ 25 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ।
ਇਸ ਦੇ ਨਾਲ ਹੀ ਗਰਾਮ ਪੰਚਾਇਤ ਰਣਸ਼ੀਹ ਕਲਾਂ-ਬਲਾਕ-ਨਿਹਾਲ ਸਿੰਘ ਵਾਲਾ, ਜ਼ਿਲ੍ਹਾ- ਮੋਗਾ, ਪਿੰਡ ਬੱੜਾ-ਬਲਾਕ- ਰੂਪਨਗਰ, ਜ਼ਿਲ੍ਹਾ- ਰੂਪਨਗਰ, ਪਿੰਡ ਭੱਦਲਵੜ-ਬਲਾਕ-ਧੂਰੀ, ਜ਼ਿਲ੍ਹਾ- ਸੰਗਰੂਰ, ਪਿੰਡ ਢਕੋਰਾ ਕਲਾਂ-ਬਲਾਕ- ਮਾਜਰੀ, ਜ਼ਿਲ੍ਹਾ- ਐਸ.ਏ.ਐਸ ਨਗਰ, ਪਿੰਡ ਰੁਰੇਵਾਲ-ਬਲਾਕ-ਮਾਛੀਵਾੜਾ, ਜ਼ਿਲ੍ਹਾ-ਲੁਧਿਆਣਾ, ਪਿੰਡ ਸੀਚੇਵਾਲ-ਬਲਾਕ-ਲੋਹੀਆ ਖਾਸ, ਜ਼ਿਲ੍ਹਾ- ਜਲੰਧਰ ਅਤੇ ਪਿੰਡ ਟਹਿਣਾ-ਬਲਾਕ- ਫਰੀਦਕੋਟ, ਜ਼ਿਲ੍ਹਾ- ਫਰੀਦਕੋਟ ਨੂੰ 5 ਤੋਂ 10 ਲੱਖ ਰੁਪਏ ਦਿਤੇ ਜਾਣਗੇ।
ਪੰਜਾਬ ਰਾਜ ਦਿਹਾਤੀ ਵਿਕਾਸ ਸੰਸਥਾ ਦੀ ਕੌਮੀ ਪੁਰਸਕਾਰਾਂ ਦੀ ਨੋਡਲ ਅਧਿਕਾਰੀ ਡਾ. ਰੋਜੀ ਵੈਦ ਨੇ ਦਸਿਆ ਕਿ ਇਨ੍ਹਾਂ ਪੁਰਸਕਾਰਾਂ ਤੋਂ ਇਲਾਵਾ ਗਰਾਮ ਸਭਾ ਦੀ ਵਧੀਆ ਕਾਰਗੁਜ਼ਾਰੀ ਵਾਲੀ ਗਰਾਮ ਪੰਚਾਇਤ ਨੂੰ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਪੁਰਸਕਾਰ ਵੀ ਦਿਤਾ ਜਾਂਦਾ ਹੈ। ਸੂਬੇ ਦੀ ਗਰਾਮ ਪੰਚਾਇਤ- ਰਣਸੀਹ ਕਲਾਂ- ਬਲਾਕ- ਨਿਹਾਲ ਸਿੰਘ ਵਾਲਾ, ਜ਼ਿਲ੍ਹਾ- ਮੋਗਾ ਨੂੰ ਇਸ ਇਨਾਮ ਲਈ ਚੁਣਿਆ ਗਿਆ ਹੈ, ਜਿਸ ਦੀ ਇਨਾਮੀ ਰਾਸ਼ੀ 10 ਲੱਖ ਰੁਪਏ ਹੈ।
ਉਨ੍ਹਾਂ ਨਾਲ ਹੀ ਦਸਿਆ ਕਿ ਕੇਂਦਰ ਸਰਕਾਰ ਵਲੋਂ ਗਰਾਮ ਪੰਚਾਇਤ ਵਿਕਾਸ ਯੋਜਨਾ (ਜੀ.ਪੀ.ਡੀ.ਪੀ.) ਪੁਰਸਕਾਰ ਵੀ ਦਿਤਾ ਜਾਂਦਾ ਹੈ, ਇਹ ਪੁਰਸਕਾਰ ਉਨ੍ਹਾਂ ਗਰਾਮ ਪੰਚਾਇਤਾਂ ਨੂੰ ਦਿਤਾ ਜਾਂਦਾ ਹੈ ਜਿਨ੍ਹਾਂ ਨੇ ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਾਰੀ ਮਾਡਲ ਦਿਸ਼ਾ-ਨਿਰਦੇਸ਼ਾ ਅਨੁਸਾਰ ਪੰਚਾਇਤ ਦੀ ਗਰਾਮ ਪੰਚਾਇਤ ਵਿਕਾਸ ਯੋਜਨਾ (ਜੀ.ਪੀ.ਡੀ.ਪੀ) ਬਣਾਈ ਹੋਵੇ। ਇਹ ਪੁਰਸਕਾਰ ਗਰਾਮ ਪੰਚਾਇਤ-ਛੀਨਾ-ਬਲਾਕ-ਧਾਰੀਵਾਲ, ਜ਼ਿਲ੍ਹਾ-ਗੁਰਦਾਸਪੁਰ ਨੂੰ ਮਿਲਿਆ ਹੈ, ਜਿਸ ਨੂੰ 5 ਲੱਖ ਰੁਪਏ ਦਿਤੇ ਜਾਣਗੇ।
ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਦੁਆਰਾ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਸਮਾਜਕ ਵਿਕਾਸ ਲਈ ਬੱਚਿਆਂ ਦੀ ਸਿਹਤ ਦੇ ਵਿਕਾਸ ਲਈ ਕੰਮ ਕਰਨ ਵਾਲੀ ਹਰੇਕ ਰਾਜ ਵਿਚੋਂ ਇਕ ਵਧੀਆ ਬੱਚਿਆਂ ਲਈ ਸੁਖਾਵੀ ਗਰਾਮ ਪੰਚਾਇਤ ਨੂੰ 5 ਲੱਖ ਦੀ ਇਨਾਮੀ ਰਾਸ਼ੀ ਵਾਲਾ ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਐਵਾਰਡ ਦਿਤਾ ਜਾਂਦਾ ਹੈ। ਜੋ ਗਰਾਮ ਪੰਚਾਇਤ-ਅਸਰਪੁਰ, ਬਲਾਕ- ਸਨੌਰ, ਜ਼ਿਲ੍ਹਾ- ਪਟਿਆਲਾ ਨੇ ਹਾਸਲ ਕੀਤਾ ਹੈ।