
ਨੋਟਿਸ ਜਾਰੀ, ਅਗਲੀ ਸੁਣਵਾਈ 26 ਜੂਨ ਨੂੰ, ਪੰਜਾਬ ਐਮਡੀ/ਐਮਐਸ ਦਾਖ਼ਲਾ
ਚੰਡੀਗੜ੍ਹ, 17 ਜੂਨ, (ਨੀਲ ਭਲਿੰਦਰ ਸਿੰਘ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਮੈਡੀਕਲ ਸੰਸਥਾਵਾਂ ਵਿਚ ਚਾਲੂ ਸੈਸ਼ਨ ਦੌਰਾਨ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖ਼ਲੇ ਲਈ ਰਾਜ ਕੋਟੇ ਦੀਆਂ ਸੀਟਾਂ ’ਚ 100 ਫ਼ੀ ਸਦੀ ਸੰਸਥਾਗਤ ਤਰਜੀਹ ਦੇਣ ਦੇ ਪੰਜਾਬ ਸਰਕਾਰ ਦੇ ਕਦਮ ’ਤੇੇ ਮੰਗਲਵਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਸਬੰਧਤ ਸੱਕਤਰ ਅਪਣਾ ਸੰਸਥਾਗਤ ਤਰਜੀਹ ਅਧੀਨ ਮੁਹਈਆ ਕਰਵਾਏ ਗਏ ਰਿਜ਼ਰਵੇਸ਼ਨ ਦੀ ਪ੍ਰਤੀਸ਼ਤਤਾ ਦੇ ਨਾਲ-ਨਾਲ ਕਾਨੂੰਨ ਦੇ ਸਥਾਪਤ ਸਿਧਾਂਤਾਂ ਦੀ ਉਲੰਘਣਾ ਕਰਦਿਆਂ ਹੋਰਨਾਂ ਉਮੀਦਵਾਰਾਂ ਨੂੰ ਬਾਹਰ ਕਰਨ ਬਾਰੇ ਵਿਸਥਾਰਤ ਹਲਫ਼ਨਾਮਾ ਦਾਇਰ ਕਰੇ। ਨਾਲ ਹੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਿਜ਼ (ਬੀ.ਐੱਫ.ਯੂ.ਐੱਚ.ਐੱਸ.) ਫਰੀਦਕੋਟ ਨੂੰ ਉਨ੍ਹਾਂ ਉਮੀਦਵਾਰਾਂ ਦੀ ਸੂਚੀ ਰਿਕਾਰਡ ਤੇ ਲਿਆਉਣ ਲਈ ਆਖਿਆ ਗਿਆ ਹੈ ਜਿਨ੍ਹਾਂ ਨੇ ਪਹਿਲੀ ਕਾਉਂਸਲਿੰਗ ਤਹਿਤ ਦਾਖਲੇ ਲਈ ਸੰਸਥਾਗਤ ਤਰਜੀਹ ਦਾ ਲਾਭ ਪ੍ਰਾਪਤ ਕੀਤਾ ਹੈ ਅਤੇ ਕੁਲ ਖਪਤ ਹੋਈ ਪ੍ਰਤੀਸ਼ਤ ਦੀ ਕੀ ਸਥਿਤੀ ਹੈ।