
ਸੀਸੀਟੀਵੀ ਵਿਚ ਸ਼ੂਟਰ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਨੂੰ ਤਰਨਤਾਰਨ ਵੱਲ ਜਾਂਦਿਆ ਦੇਖਿਆ ਗਿਆ
ਮਾਨਸਾ - ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂੰ ਅਤੇ ਜਗਰੂਪ ਰੂਪਾ ਘਟਨਾ ਤੋਂ ਬਾਅਦ ਵੀ ਪੰਜਾਬ ਵਿਚ ਘੁੰਮਦੇ ਰਹੇ। ਸਮਾਲਸਰ ਸ਼ਹਿਰ 'ਚ 21 ਜੂਨ ਦੀ ਮਿਲੀ ਸੀਸੀਟੀਵੀ ਫੁਟੇਜ 'ਚ ਦੋਵੇਂ ਚੋਰੀ ਦੇ ਬਾਈਕ 'ਤੇ ਨਜ਼ਰ ਆ ਰਹੇ ਹਨ। ਦੋਵੇਂ ਬਦਮਾਸ਼ ਤਰਨਤਾਰਨ ਵੱਲ ਜਾ ਰਹੇ ਸਨ।
ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ, ਨਵੀਂ ਫੁਟੇਜ ਨੇ ਸਾਬਤ ਕਰ ਦਿੱਤਾ ਹੈ ਕਿ ਘਟਨਾ ਤੋਂ 24 ਦਿਨ ਬਾਅਦ 21 ਮਈ ਤੱਕ ਦੋਵੇਂ ਬਦਮਾਸ਼ ਪੰਜਾਬ 'ਚ ਮੌਜੂਦ ਸਨ। ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿਚ ਹੈ। ਪੰਜਾਬ ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਅਤੇ ਤੇਜ਼ੀ ਨਾਲ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਉਣ ਦਾ ਦਾਅਵਾ ਕੀਤਾ ਸੀ।
ਪੁਲਿਸ ਮੁਤਾਬਕ ਮਨਪ੍ਰੀਤ ਮੰਨੂ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। ਉਸ ਕੋਲ ਏ.ਕੇ.47 ਸੀ ਅਤੇ ਉਸ ਨੇ ਮੂਸੇਵਾਲਾ ਨੂੰ ਪਹਿਲਾਂ ਗੋਲੀ ਮਾਰੀ ਸੀ। ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਸੀ ਕਿ ਪਹਿਲੀ ਗੋਲੀ ਮੰਨੂ ਹੀ ਮਾਰੇਗਾ। ਕਤਲ ਵਿਚ ਵਰਤੀ ਗਈ ਰਾਈਫਲ ਵੀ ਮੰਨੂ ਅਤੇ ਰੂਪਾ ਕੋਲ ਮੌਜੂਦ ਹੋਣ ਦਾ ਸ਼ੱਕ ਹੈ। ਅਜੇ ਤੱਕ ਦਿੱਲੀ ਅਤੇ ਪੰਜਾਬ ਪੁਲਿਸ ਦੋਵਾਂ ਤੱਕ ਨਹੀਂ ਪਹੁੰਚ ਸਕੀ ਹੈ। ਪੁਲਿਸ ਦਾ ਦਾਅਵਾ ਹੈ ਕਿ ਤਾਜ਼ਾ ਸੀਸੀਟੀਵੀ ਫੁਟੇਜ ਤੋਂ ਦੋਵਾਂ ਬਾਰੇ ਕਈ ਸੁਰਾਗ ਮਿਲੇ ਹਨ।
ਮੂਸੇਵਾਲਾ ਕਤਲ ਕਾਂਡ ਵਿਚ ਗ੍ਰਿਫ਼ਤਾਰ ਕੀਤੇ ਗਏ ਸ਼ਾਰਪਸ਼ੂਟਰਾਂ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਨੇ ਵੀ ਖੁਲਾਸਾ ਕੀਤਾ ਹੈ ਕਿ ਰੂਪਾ ਅਤੇ ਮੰਨੂੰ ਉਨ੍ਹਾਂ ਨਾਲ ਨਹੀਂ ਭੱਜੇ। ਉਨ੍ਹਾਂ ਕਿਹਾ ਕਿ ਉਹ ਪੰਜਾਬ 'ਚ ਹੀ ਆਪਣੇ ਟਿਕਾਣੇ 'ਤੇ ਲੁਕੇ ਹੋਣਗੇ। ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਭਾਲ ਲਈ ਸੀਸੀਟੀਵੀ ਸਕੈਨ ਖੰਗਾਲਣੇ ਸ਼ੁਰੂ ਕੀਤੇ ਸਨ, ਜੋ ਹੁਣ ਪੁਲਿਸ ਨੂੰ ਮਿਲ ਗਏ ਹਨ।