
5 ਅਗਸਤ ਨੂੰ ਮੁਹਾਲੀ ਵਿਚ ਕੀਤੀ ਜਾਵੇਗੀ ਵੱਡੀ ਰੈਲੀ
ਮੁਹਾਲੀ, 18 ਜੁਲਾਈ: ਭਾਰਤੀ ਕਿਸਾਨ ਯੂਨੀਅਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਸਿਆ ਕਿ ਅਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁਧ 5 ਅਗਸਤ ਨੂੰ ਮੁਹਾਲੀ ਵਿਚ ਕਿਸਾਨਾਂ ਵਲੋਂ ਵੱਡੀ ਰੈਲੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ‘‘ਸਾਡੀਆਂ ਚਾਰ ਮੰਗਾਂ ਹਨ, ਜੋ ਬਹੁਤ ਸਮੇਂ ਤੋਂ ਲਟਕ ਰਹੀਆਂ ਹਨ। ਜਿਵੇਂ ਪਾਣੀਆਂ ਦਾ ਮੁੱਦਾ। ਪੰਜਾਬ ਦੇ ਪਾਣੀ ਨੂੰ ਲੈ ਕੇ ਬਹੁਤ ਸਾਰੇ ਸਮਝੌਤੇ ਹੋਏ। ਸਾਰੇ ਸਮਝੌਤੇ ਬੇਸਿੱਟਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਜ ਤੱਕ ਕੇਂਦਰ ਤੇ ਸੁਪਰੀਮ ਕੋਰਟ ਨੂੰ ਇਹ ਨਹੀਂ ਕਹਿ ਸਕੀ ਕਿ ਇਹ ਸੂਬੇ ਦਾ ਵਿਸ਼ਾ ਹੈ। ਇਸ ਕਾਰਨ ਸਾਡਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਅਗਲੇ ਚਾਰ ਸਾਲਾਂ ਤਕ ਪਾਣੀ ਖ਼ਤਮ ਹੋ ਜਾਵੇਗਾ।’’
ਉਨ੍ਹਾਂ ਕਿਹਾ ਕਿ ਸਤਲੁਜ, ਬਿਆਸ ਤੇ ਰਾਵੀ ਤਿੰਨ ਦਰਿਆ ਪੰਜਾਬ ਦੇ ਹਿੱਸੇ ਆਏ ਹਨ। ਇਨ੍ਹਾਂ ਪਾਣੀਆਂ ’ਤੇ ਰਾਜਸਥਾਨ ਤੇ ਹਰਿਆਣਾ ਦਾ ਕੋਈ ਹੱਕ ਨਹੀਂ ਹੈ। ਹਰਿਆਣਾ ਦਾ 60:40 ਅਨੁਪਾਤ ਦਾ ਹੱਕ ਬਣਦਾ ਹੈ ਕਿਉਂਕਿ ਉਹ ਵੀ ਪਹਿਲਾਂ ਪੰਜਾਬ ਦਾ ਹੀ ਹਿੱਸਾ ਰਿਹਾ ਹੈ। ਹਾਲੇ ਵੀ ਪੰਜਾਬ ’ਤੇ ਐਸ.ਵਾਈ.ਐਲ. ਨਹਿਰ ਬਣਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ।
5 ਅਗਸਤ ਦੀ ਰੈਲੀ ਤੋਂ ਪਹਿਲਾਂ ਪ੍ਰਸਾਸ਼ਨ ਵਲੋਂ ਮੁਹਾਲੀ ਵਿਚ ਧਾਰਾ 144 ਲਾਉਣ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਹਸਦਿਆਂ ਕਿਹਾ, ‘‘ਇਹ ਧਾਰਾ ਇਕ ਸੌ ਚੁਤਾਲੀ ਪਹਿਲਾਂ ਵੀ ਕਈ ਵਾਰ ਲਗਦੀ ਰਹੀ ਹੈ ਸਾਨੂੰ ਇਸ ਦਾ ਕੋਈ ਡਰ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕਿਸਾਨ ਵੀ ਚੁਤਾਲਾ ਲਗਾ ਦਿੰਦੇ ਹਨ। ਫਿਰ ਉਨ੍ਹਾਂ ਦੀਆਂ ਵੀ ਚੀਕਾਂ ਨਿਕਲ ਜਾਂਦੀਆਂ ਹਨ।’’
ਰਾਜੇਵਾਲ ਨੇ ਕਿਹਾ ਕਿ ਸਾਡੀ ਦੂਜੀ ਮੰਗ ਇਹ ਹੈ ਕਿ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕੀਤਾ ਜਾਵੇ। ਰਾਜੇਵਾਲ ਨੇ ਕਿਹਾ ਕਿ ਚੰਡੀਗੜ੍ਹ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਣਾ ਸਟੈਂਡ ਸਪੱਸ਼ਟ ਨਹੀਂ ਹੈ। ਜਦੋਂ ਹਰਿਆਣਾ ਨੇ ਚੰਡੀਗੜ੍ਹ ਵਿਚ ਅਪਣੀ ਵਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦੀ ਮੰਗ ਕੀਤੀ ਤਾਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਥੋੜ੍ਹਾ ਇਨ੍ਹਾਂ ਨੂੰ ਦੇ ਦਿਓ ਤੇ ਥੋੜ੍ਹਾ ਹਿੱਸਾ ਸਾਨੂੰ ਦੇ ਦਿਓ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਅਪਣਾ ਦਾਅਵਾ ਛੱਡ ਰਹੇ ਹਾਂ? ਰਾਜੇਵਾਲ ਨੇ ਕਿਹਾ ਕਿ ਗਵਰਨਰ ਚੰਡੀਗੜ੍ਹ ਦਾ ਕੇਵਲ ਕੇਅਰ ਟੇਕਰ ਹੈ। ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਗਿਆ ਸੀ। ਇਹ ਪੰਜਾਬ ਦੀ ਰਾਜਧਾਨੀ ਹੀ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਤੀਜੀ ਮੰਗ ਵਾਤਾਵਾਰਣ ਨੂੰ ਲੈ ਕੇ ਹੈ ਅਤੇ ਇਨ੍ਹਾਂ ਮੰਗਾਂ ਬਾਰੇ ਉਹ ਪੰਜਾਬ ਸਰਕਾਰ ਨੂੰ ਜਲਦ ਹੀ ਨੋਟਿਸ ਦੇਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੌਥੀ ਮੰਗ ਹੜ੍ਹਾਂ ਬਾਰੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਵੀ ਤਿਆਰੀ ਨਹੀਂ ਕੀਤੀ ਗਈ। ਪੰਜਾਬ ਦੇ ਪਿੰਡਾਂ ਦੇ ਪਿੰਡ ਪਾਣੀ ਵਿਚ ਡੁੱਬ ਗਏ। ਪਹਾੜੀ ਇਲਾਕਿਆਂ ’ਚੋਂ ਮੀਂਹ ਦੇ ਪਾਣੀ ਨਾਲ ਰੇਤ ਤੇ ਚਿੱਕੜ ਪੰਜਾਬ ਵਿਚ ਆਇਆ ਜਿਸ ਨਾਲ ਸੈਂਕੜੇ ਪਿੰਡ ਜੂਝ ਰਹੇ ਹਨ। ਪੰਜਾਬ ਵਿਚ ਹੋ ਰਹੀ ਮਾਈਨਿੰਗ ਨੂੰ ਰੋਕਣ ਲਈ ਮੁੱਖ ਮੰਤਰੀ ਡੀ.ਸੀ. ਕਾਂਗੜਾ ਤੇ ਡੀ.ਸੀ. ਪਠਾਨਕੋਟ ਨੇ ਬਾਰ-ਬਾਰ ਚਿੱਠੀਆਂ ਲਿਖੀਆਂ। ਪੌਂਗ ਡੈਮ ਪਹਾੜਾਂ ਦੇ ਸਿਰ ’ਤੇ ਖੜਿਆ ਹੈ ਉਸ ਦੇ ਥੱਲੇ 80-80 ਫੁੱਟ ਮਾਈਨਿੰਗ ਹੋ ਚੁਕੀ ਹੈ। ਇਸ ਨੂੰ ਰੋਕੋ, ਨਹੀਂ ਤਾਂ ਸਾਰਾ ਮਾਝਾ ਇਲਾਕਾ ਡੁੱਬ ਜਾਵੇਗਾ।
ਅੱਜ ਉਪਰੋਂ ਪਾਣੀ ਛਡਿਆ ਜਾ ਰਿਹਾ ਹੈ ਤੇ ਖਦਸ਼ਾ ਇਹ ਹੈ ਕਿ ਜੇਕਰ ਮੀਂਹ ਪੈਣ ਨਾਲ ਪੌਂਗ ਡੈਮ ਦਾ ਇਕ ਹਿੱਸਾ ਵੀ ਟੁੱਟ ਗਿਆ ਤਾਂ ਸਥਿਤੀ ਸਾਡੇ ਕਾਬੂ ਵਿਚ ਨਹੀਂ ਰਹੇਗੀ। ਜਦੋਂ ਹੜ੍ਹ ਆਉਂਦੇ ਹਨ ਤਾਂ ਸਜ਼ਾ ਲੋਕ ਭੁਗਤਦੇ ਹਨ।