
Amritsar News : ਜਨਰਲ ਸਕੱਤਰ ਬਣਨ ਮਗਰੋਂ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ, ਕੌਮ ਦੀ ਸੇਵਾ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦਿਨ ਰਾਤ ਕੰਮ ਕਰਨ ਲਈ ਵਚਨਬੱਧ: ਕਾਹਲੋਂ
Amritsar News in Punjabi : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੜ ਜਨਰਲ ਸਕੱਤਰ ਬਣਨ ਉਪਰੰਤ ਸਰਦਾਰ ਜਗਦੀਪ ਸਿੰਘ ਕਾਹਲੋਂ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ। ਸਰਦਾਰ ਕਾਹਲੋਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲ ਪੁਰਖ਼ ਦੀ ਰਹਿਮਤ ਨਾਲ ਉਹ ਬੀਤੇ ਦਿਨੀਂ ਹੋਈ ਚੋਣ ਵਿਚ ਮੁੜ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣੇ ਗਏ ਹਨ। ਇਸੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਉਹ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ ਅਤੇ ਅਕਾਲ ਪੁਰਖ ਦਾ ਕੋਟਿ-ਕੋਟਿ ਸ਼ੁਕਰਾਨਾ ਕੀਤਾ ਹੈ। ਉਹਨਾਂ ਕਿਹਾ ਕਿ ਸੰਗਤ ਵੱਲੋਂ ਸੌਂਪੀ ਸੇਵਾ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪੂਰੇ ਸਮਰਪਣ ਤੇ ਇਮਾਨਦਾਰੀ ਨਾਲ ਸੰਗਤ ਦੀ ਸੇਵਾ ਕਰਦੇ ਰਹਿਣਗੇ।
ਉਹਨਾਂ ਕਿਹਾ ਕਿ ਕੌਮ ਦੀ ਸੇਵਾ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦਿਨ ਰਾਤ ਡੱਟ ਕੇ ਕੰਮ ਕਰਨ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਕੋਰੋਨਾ ਕਾਲ ਵਿਚ ਲੰਗਰ ਸੇਵਾ ਤੋਂ ਲੈ ਕੇ ਕਿਸਾਨੀ ਸੰਘਰਸ਼ ਵਿਚ ਸੇਵਾ ਅਤੇ ਹੁਣ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਕ੍ਰਾਂਤੀਕਾਰੀ ਕੰਮ ਕਰ ਰਹੀ ਹੈ।
ਉਹਨਾਂ ਕਿਹਾ ਕਿ ਦੇਸ਼ ਭਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਪਹਿਲੀ ਅਜਿਹੀ ਸੰਸਥਾ ਹੈ ਜਿਸਨੇ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ, 7 ਹਜ਼ਾਰ ਰੁਪਏ ਪੈਟ ਸਕੈਨ ਅਤੇ ਮੁਫਤ ਡਾਇਲਸਿਸ ਵਰਗੀਆਂ ਸੇਵਾਵਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਅਕਾਲ ਪੁਰਖ਼ ਦੀ ਰਹਿਮਤ ਨਾਲ ਅਸੀਂ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦਾ ਨਿਰੰਤਰ ਵਿਸਥਾਰ ਕਰ ਰਹੇ ਹਾਂ ਅਤੇ ਸੰਗਤ ਦੇ ਸਹਿਯੋਗ ਸਦਕਾ ਅਜਿਹੀ ਮਿਸਾਲ ਕਾਇਮ ਕਰਾਂਗੇ ਜਿਸਦਾ ਦੂਜਾ ਕੋਈ ਸਾਨੀ ਵੇਖਣ ਨੂੰ ਨਹੀਂ ਮਿਲੇਗਾ।
(For more news apart from Jagdeep Kahlon along with his family paid obeisance Sri Darbar Sahib News in Punjabi, stay tuned to Rozana Spokesman)