
ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋਏ ਲੈਫ਼ਟੀਨੈਂਟ ਕਰਨਲ ਏ. ਐਸ. ਬਾਠ ਦਾ ਹੋਇਆ ਸਸਕਾਰ
ਅੰਮਿ੍ਤਸਰ, 17 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ ਲੈਫ਼ਟੀਨੈਂਟ ਕਰਨਲ ਏ ਐਸ ਬਾਠ ਦਾ ਪੂਰੇ ਸੈਨਿਕ ਸਨਮਾਨਾਂ ਨਾਲ ਸਸਕਾਰ ਸਥਾਨਕ ਸ਼ਮਸ਼ਾਨਘਾਟ ਚੌਕ ਚਾਟੀਵਿੰਡ ਵਿਖੇ ਬੜੀ ਗਮਗੀਨ ਭਰੇ ਮਾਹੌਲ ਵਿਚ ਕਰ ਦਿਤਾ ਗਿਆ | ਇਸ ਮੌਕੇ ਹਰ ਵਿਅਕਤੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ | ਫ਼ੌਜ ਦੀ ਟੁਕੜੀ ਨੇ ਏ ਐਸ ਬਾਠ ਨੂੰ ਹਥਿਆਰ ਪੁੱਠੇ ਕਰ ਕੇ ਹਵਾ ਵਿਚ ਗੋਲੀਆਂ ਦਾਗ਼ੀਆਂ | ਵੈਰਾਗ ਭਰੀ ਮਾਤਮੀ ਧੁੰਨ ਫ਼ੌਜ ਨੇ ਵਜਾਈ |
ਕਰਨਲ ਬਾਠ ਰਾਮ ਤੀਰਥ ਰੋਡ, ਆਦਰਸ਼ ਨਗਰ ਅੰਮਿ੍ਤਸਰ ਦੇ ਵਾਸੀ ਸਨ | ਉਨ੍ਹਾਂ ਦੇ ਪਿਤਾ ਜੀ ਸਵਰਗਵਾਸੀ ਸਰਬਜੀਤ ਸਿੰਘ ਬਾਠ ਵੀ ਫ਼ੌਜ ਵਿਚ ਕਰਨਲ ਸਨ | ਏ ਐਸ ਬਾਠ ਅਪਣੇ ਪਿੱਛੇ ਮਾਤਾ ਪਿ੍ੰ. ਬਲਵਿੰਦਰ ਕੌਰ ਬਾਠ, ਨੌਜੁਆਨ ਪਤਨੀ ਤੇ 10 ਸਾਲ ਦੀ ਬੇਟੀ ਛੱਡ ਗਏ | ਉਨ੍ਹਾਂ ਆਰਮੀ ਸਕੂਲ ਤੇ ਖ਼ਾਲਸਾ ਕਾਲਜ ਪੜ੍ਹਾਈ ਕੀਤੀ | ਪ੍ਰਾਪਤ ਜਾਣਕਾਰੀ ਮੁਤਾਬਕ ਕਰਨਲ ਬਾਠ ਦਾ ਸੈਨਿਕ ਹੈਲੀਕਾਪਟਰ 12 ਦਿਨ ਪਹਿਲਾਂ ਰਣਜੀਤ ਸਾਗਰ ਝੀਲ ਪਠਾਨਕੋਟ ਵਿਚ ਡਿੱਗ ਪਿਆ ਸੀ ਪਰ ਉਸ ਵਿਚ ਸਵਾਰ ਕਰਨਲ ਬਾਠ ਤੇ ਇਕ ਹੋਰ ਪਾਇਲਟ ਉਕਤ ਝੀਲ ਵਿਚ ਲਾਪਤਾ ਹੋ ਗਏ | ਹੈਲੀਕਪਟਰ ਦਾ ਮਲਬਾ 3 ਅਗੱਸਤ ਨੂੰ ਘਟਨਾ ਵਾਲੇ ਦਿਨ ਹੀ ਮਿਲ ਗਿਆ ਸੀ | ਮਿ੍ਤਕ ਸਰੀਰ ਲੱਭਣ ਲਈ ਮੁੰਬਈ, ਕੋਚੀ, ਦਿੱਲੀ ,ਚੰਡੀਗੜ੍ਹ, ਨੇਵੀ ਤੇ ਸੈਨਾ ਦੇ ਗੋਤਾਖੋਰ ਮੰਗਵਾਏ, ਜਿਨ੍ਹਾਂ ਲਗਾਤਾਰ 12 ਦਿਨ ਸੰਘਰਸ਼ ਕਰ ਕੇ ਕਰਨਲ ਬਾਠ ਦੀ ਲਾਸ਼ 75.9 ਮੀਟਰ ਡੂੂੰਘੇ ਪਾਣੀ ਵਿਚੋਂ ਲੱਭੀ |
ਇਸ ਮੌਕੇ ਪੀੜਤ ਪ੍ਰਵਾਰਕ ਮੈਬਰਾਂ ਪ੍ਰੋ. ਟੀ ਐਸ ਚਹਿਲ, ਇੰ ਤਰਲੋਕ ਸਿੰਘ ਰਿਆੜ, ਏ.ਪੀ.ਐਸ. ਮਾਨ, ਸਤਨਾਮ ਸਿੰਘ ਸੱਤੀ ਸ਼ਹਾਬਪੁਰ, ਮਾ. ਜਸਬੀਰ ਸਿੰਘ, ਚਰਨਜੀਤ ਸਿੰਘ, ਰਣਬੀਰ ਸਿੰਘ ਲਾਲੀ ਤੇ ਆਦਰਸ਼ ਨਗਰ ਵਾਸੀ ਨੇ ਕਰਨਲ ਬਾਠ ਦੀ ਅੰਤਮ ਯਾਤਰਾ ਵਿਚ ਅਕੀਦਤ ਦੇ ਫੁੱਲ ਭੇਟ ਕੀਤੇ | ਇਸ ਮੌਕੇ ਕਰਨਲ ਐਸ ਜੀ ਡੱਬ, ਕਰਨਲ ਕੁਲਦੀਪ ਸਿੰਘ, ਕਰਨਲ ਦਵਿੰਦਰ ਸਿੰਘ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਉਮ ਪ੍ਰਕਾਸ਼ ਸੋਨੀ, ਡੀ.ਸੀ. ਅੰਮਿ੍ਤਸਰ ਗੁਰਪ੍ਰੀਤ ਸਿੰਘ ਖਹਿਰਾ, ਐਸ.ਡੀ.ਐਮ. ਰਾਜੇਸ਼ ਸ਼ਰਮਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |
ਕੈਪਸ਼ਨ— ਏ ਐਸ ਆਰ ਬਹੋੜੂ— 17— 10— ਕਰਨਲ ਏ ਐਸ ਬਾਠ ਦੀ ਮਿ੍ਤਕ ਦੇਹ ਨੂੰ ਸੈਨਿਕ ਸਨਮਾਨਾਂ ਨਾਲ ਸ਼ਰਧਾਜ©ਲੀ ਦਿੰਦੇ ਹੋਏ ਸੈਨਿਕ ਤੇ ਹੋਰ ਪਰਿਵਾਰ ਮੌਕੇ ਤੇ ਖੜਾ ਦਿਖਾਈ ਦਿੰਦਾ ਹੋਇਆ |