
ਵਿਧਾਨ ਸਭਾ ਚੋਣ ਪ੍ਰਚਾਰ ਲਈ ਸੁਖਬੀਰ ਬਾਦਲ ਵਲੋਂ 100 ਦਿਨਾ ਯਾਤਰਾ ਅੱਜ ਤੋਂ
ਨਵਜੋਤ ਸਿੱਧੂ ਤਿੰਨ ਮਹੀਨਿਆਂ ਵਿਚ ਕਾਂਗਰਸ ਨੂੰ ਬਰਬਾਦ ਕਰ ਦੇਵੇਗਾ: ਸੁਖਬੀਰ ਬਾਦਲ
ਚੰਡੀਗੜ੍ਹ, 17 ਅਗੱਸਤ (ਜੀ.ਸੀ.ਭਾਰਦਵਾਜ): ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਬਾਕੀ ਸਿਆਸੀ ਪਾਰਟੀਆਂ ਤੋਂ ਬਹੁਤ ਪਹਿਲਾਂ ਸਿਆਸੀ ਪ੍ਰਚਾਰ ਛੇੜਨ ਅਤੇ ਸਾਰੇ 117 ਹਲਕਿਆਂ ਵਿਚ ਬੀ.ਐਸ.ਪੀ. ਨੂੰ ਨਾਲ ਲੈ ਕੇ ਹਰ ਵਰਗ ਦੇ ਨੇਤਾ ਤੇ ਵਰਕਰ ਨਾਲ ਰਾਬਤਾ ਜੋੜਨ ਵਾਲੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸੈਕਟਰ 28 ਦੇ ਮੁੱਖ ਦਫ਼ਤਰ ਵਿਚ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਕਿ ਉਹ ਖ਼ੁਦ 100 ਦਿਨ ਦੀ ਯਾਤਰਾ ਭਲਕੇ ਜ਼ੀਰਾ ਹਲਕੇ ਤੋਂ ਸ਼ੁਰੂ ਕਰ ਕੇ 25 ਨਵੰਬਰ ਨੂੰ ਖ਼ਤਮ ਕਰਨਗੇ |
ਇਨ੍ਹਾਂ 100 ਦਿਨਾਂ ਵਿਚ ਅਕਾਲੀ ਦਲ ਤੇ ਬੀ.ਐਸ.ਪੀ. ਨੇਤਾ, ਵਰਕਰ, ਘਰੋਂ ਘਰ, ਹਰ ਪਿੰਡ ਵਿਚ ਜਾ ਕੇ ਸ਼ਹਿਰੀ ਤੇ ਦਿਹਾਤੀ ਵੋਟਰਾਂ ਨੂੰ ਕਾਂਗਰਸ ਸਰਕਾਰ ਦੇ ਪਿਛਲੇ ਸਾਢੇ 4 ਸਾਲ ਦੇ ਕਾਰਨਾਮਿਆਂ 'ਤੇ ਚਾਨਣਾ ਪਾਉਣਗੇ | ਸੁਖਬੀਰ ਬਾਦਲ ਨੇ ਪ੍ਰੈਸ ਕਾਨਫ਼ਰੰਸ ਵਿਚ 134 ਸਫ਼ਿਆਂ ਦਾ ਪੰਜਾਬੀ ਵਿਚ ਫ਼ੋਟੋ ਸਮੇਤ ਕਾਂਗਰਸ ਤੇ 'ਆਪ' ਦੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ ਵਲੋਂ ਲੋਕਾਂ ਨਾਲ ਕੀਤੇ ਧੋਖਿਆਂ ਦਾ ਜ਼ਿਕਰ ਕਰਦਾ ਇਕ ਕਿਤਾਬਚਾ ਵੀ ਜਾਰੀ ਕੀਤਾ | ਪੰਜਾਬੀ ਵਿਚ ਛਾਪੇ ਇਸ ਦੋਸ਼ ਪੱਤਰ ਯਾਨੀ ਚਾਰਜਸ਼ੀਟ ਵਿਚ ਵੇਰਵੇ ਸਿਹਤ ਲਿਖਿਆ ਹੈ ਕਿ ਕਿਵੇਂ ਦੋਵਾਂ ਮੁੱਖ ਮੰਤਰੀਆਂ ਨੇ ਲੰਮੇ ਚੌੜੇ ਵਾਅਦੇ ਕਰ ਕੇ ਸਰਕਾਰਾਂ ਤਾਂ ਬਣਾ ਲਈਆਂ ਪਰ ਵਾਅਦਾ ਇਕ ਵੀ ਪੂਰਾ ਨਹੀਂ ਕੀਤਾ |
ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵਿਚ 6 ਕੁਰਪਟ ਮੰਤਰੀਆਂ ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ, ਸ਼ਾਮ ਸੁੰਦਰ ਅਰੋੜਾ, ਭਾਰਤ ਭੂਸ਼ਣ ਆਸ਼ੂ ਤੇ ਸੁਖਜਿੰਦਰ ਰੰਧਾਵਾ ਦਾ ਨਾਮ ਲੈਂਦੇ ਕਿਹਾ ਕਿ ਅਨੁਸੂਚਿਤ ਜਾਤੀ ਵਜ਼ੀਫ਼ਾ ਘਪਲ, ਸਿਹਤ ਮਹਿਕਮੇ ਵਿਚ 4 ਕਰੋੜ ਤੋਂ ਵੱਧ ਨਸ਼ਾ ਗੋਲੀਆਂ, ਜੇ.ਸੀ.ਟੀ. ਜ਼ਮੀਨ ਦੀ 400 ਕਰੋੜ ਵਿਚ ਵਿਕਰੀ, ਆਟਾ ਦਾਲ ਸਕੀਮ ਵਿਚ ਅੱਤ ਦੀ ਠੱਗੀ ਤੇ ਜੇਲਾਂ ਵਿਚ ਗੈਂਗਸਟਰਾਂ ਵਲੋਂ ਸਮਾਨੰਤਰ ਸਰਕਾਰ ਚਲਾਉਣ ਕਰ ਕੇ ਕਾਂਗਰਸ ਸਰਕਾਰ ਨੇ ਸਿਵਾਏ ਬਦਨਾਮੀ ਤੋਂ ਹੋਰ ਕੁੱਝ ਨਹੀਂ ਕੀਤਾ | ਇਵੇਂ ਹੀ ਅਰਵਿੰਦ ਕੇਜਰੀਵਾਲ ਨੂੰ ਦੋਹਰੇ ਮਾਪਦੰਡ ਅਪਣਾਉਣ ਲਈ ਖ਼ੂਬ ਭੰਡਿਆ | ਅਕਾਲੀ ਨੇਤਾ ਨੇ ਕਿਹਾ ਕਿ ਕੇਵਲ ਸ਼ੋ੍ਰਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਪਾਰਟੀ ਹੈ ਜਿਸ ਦੇ ਫ਼ੈਸਲੇ ਇਥੇ ਕੀਤੇ ਜਾਂਦੇ ਹਨ ਜਦੋਂ ਕਿ ਕਾਂਗਰਸ ਤੇ 'ਆਪ' ਦੋਵੇਂ ਦਿੱਲੀ ਵਿਚ ਬੈਠੇ ਅਪਣੇ ਆਕਾ ਦੇ ਇਸ਼ਾਰੇ 'ਤੇ ਚਲਦੇ ਹਨ |
ਪ੍ਰੈਸ ਕਾਨਫ਼ਰੰਸ ਵਿਚ ਮੀਡੀਆ ਵਲੋਂ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਖਬੀਰ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਦਾ ਨਵਾਂ ਪ੍ਰਧਾਨ ਨਵਜੋਤ ਸਿੱਧੂ ਆਉਂਦੇ ਮਹੀਨਿਆਂ ਵਿਚ ਹੀ ਕਾਂਗਰਸ ਨੂੰ ਬਰਬਾਦ ਕਰ ਦੇਵੇਗਾ | ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਅਪਣੇ ਨਾਲ ਕੇਵਲ ਰੇਤ ਬਜਰੀ, ਨਕਲੀ ਸ਼ਰਾਬ, ਡਰੱਗ ਮਾਫ਼ੀਆ ਤੇ ਹੋਰ ਕੁਰਪਟ ਸਲਾਹਕਾਰ ਤੇ ਰਿਸ਼ਵਤਖੋਰ ਕਾਂਗਰਸੀ ਨੇਤਾ ਲਗਾਏ ਹੋਏ ਹਨ ਜੋ ਕਾਂਗਰਸ ਦੀ ਬੇੜੀ ਡੋਬਣਗੇ |
ਫ਼ੋਟੋ: ਸੰਤੋਖ ਸਿੰਘ ਵਲੋਂ